ਹੈਦਰਾਬਾਦ ਵਿੱਚ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (KCR) ਦੀ ਧੀ ਕੇ. ਕਵਿਤਾ ਨੇ ਸ਼ਨਿੱਚਵਾਰ ਨੂੰ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ਇਸ ਪਾਰਟੀ ਦਾ ਨਾਮ ‘ਤੇਲੰਗਾਨਾ ਰਾਸ਼ਟਰ ਸੈਨਾ’ (TRS) ਰੱਖਿਆ ਹੈ।
ਕਵਿਤਾ ਨੇ ਸ਼ਹਿਰ ਦੇ ਬਾਹਰਵਾਰ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਇਸ ਨਾਮ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਸਤੰਬਰ 2025 ਵਿੱਚ ਕਵਿਤਾ ਨੂੰ ਉਨ੍ਹਾਂ ਦੀ ਪੁਰਾਣੀ ਪਾਰਟੀ BRS ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਹ ਕਾਰਵਾਈ ਉਦੋਂ ਹੋਈ ਸੀ ਜਦੋਂ ਉਨ੍ਹਾਂ ਨੇ ਆਪਣੇ ਚਚੇਰੇ ਭਰਾਵਾਂ ਅਤੇ ਪਾਰਟੀ ਆਗੂਆਂ (ਟੀ ਹਰੀਸ਼ ਰਾਓ ਅਤੇ ਜੇ ਸੰਤੋਸ਼ ਕੁਮਾਰ) ‘ਤੇ ਕਾਲੇਸ਼ਵਰਮ ਸਿੰਚਾਈ ਪ੍ਰੋਜੈਕਟ ਦੇ ਮਾਮਲੇ ਵਿੱਚ ਆਪਣੇ ਪਿਤਾ ਦੀ ਤਸਵੀਰ ਖ਼ਰਾਬ ਕਰਨ ਦੇ ਦੋਸ਼ ਲਾਏ ਸਨ।
ਮੁਅੱਤਲੀ ਤੋਂ ਬਾਅਦ ਕਵਿਤਾ ਆਪਣੀ ਸੱਭਿਆਚਾਰਕ ਸੰਸਥਾ ‘ਤੇਲੰਗਾਨਾ ਜਾਗ੍ਰਿਤੀ’ ਰਾਹੀਂ ਲੋਕਾਂ ਦੇ ਮੁੱਦਿਆਂ ‘ਤੇ ਕੰਮ ਕਰ ਰਹੀ ਸੀ। ਦੱਸ ਦਈਏ ਕਿ ਉਨ੍ਹਾਂ ਦੇ ਪਿਤਾ ਦੀ ਪਾਰਟੀ BRS ਦਾ ਅਸਲੀ ਨਾਮ ਵੀ ਪਹਿਲਾਂ TRS ਹੀ ਸੀ, ਜਿਸ ਨੂੰ ਸਾਲ 2022 ਵਿੱਚ ਬਦਲ ਕੇ BRS ਕਰ ਦਿੱਤਾ ਗਿਆ ਸੀ। ਹੁਣ ਕਵਿਤਾ ਨੇ ਉਸੇ ਪੁਰਾਣੇ ਨਾਮ (TRS) ਨਾਲ ਆਪਣੀ ਨਵੀਂ ਪਾਰਟੀ ਸ਼ੁਰੂ ਕੀਤੀ ਹੈ।