ਕੈਲੀਫੋਰਨੀਆ ਫ੍ਰੀਵੇਅ ਸੜਕ ਹਾਦਸੇ ਵਿੱਚ 3 ਮੌਤਾਂ, ਭਾਰਤੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ
ਕੈਲੀਫੋਰਨੀਆ ਵਿਖੇ ਵਾਪਰੇ ਵੱਡੇ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਤੋਂ ਬਾਅਦ ਯੂਬਾ ਸਿਟੀ ਦੇ 21 ਸਾਲਾ ਭਾਰਤੀ ਮੂਲ ਦੇ ਜਸ਼ਨਪ੍ਰੀਤ ਸਿੰਘ ਨੂੰ ਕਥਿਤ ਤੌਰ ’ਤੇ ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾਉਂਦੇ ਹੋਏ ਇੱਕ ਜਾਨਲੇਵਾ ਹਾਦਸੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਹਾਦਸਾ ਕੈਲੀਫੋਰਨੀਆ ਦੇ 10 ਫ੍ਰੀਵੇਅ (Freeway) ’ਤੇ ਓਂਟਾਰੀਓ ਵਿਖੇ ਵਾਪਰਿਆ।
KTLA ਅਤੇ ABC7 ਲਾਸ ਏਂਜਲਸ ਦੀਆਂ ਰਿਪੋਰਟਾਂ ਅਨੁਸਾਰ ਮੰਗਲਵਾਰ ਦੁਪਹਿਰ ਨੂੰ ਹੋਏ ਇਸ ਵੱਡੀ ਟੱਕਰ ਦੇ ਨਤੀਜੇ ਵਜੋਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਚਾਰ ਹੋਰ ਜ਼ਖਮੀ ਹੋ ਗਏ।
ਕੈਲੀਫੋਰਨੀਆ ਹਾਈਵੇਅ ਪੈਟਰੋਲ ਅਨੁਸਾਰ ਜਸ਼ਨ ਇੱਕ ਤੇਜ਼ ਰਫ਼ਤਾਰ ਟਰੱਕ (semi-truck) ਚਲਾ ਰਿਹਾ ਸੀ ਅਤੇ ਭੀੜ ਕਾਰਨ ਹੌਲੀ ਚੱਲ ਰਹੇ ਟਰੈਫਿਕ ਨਾਲ ਟਕਰਾਉਣ ਤੋਂ ਪਹਿਲਾਂ ਬਰੇਕ ਲਗਾਉਣ ਵਿੱਚ ਅਸਫਲ ਰਿਹਾ।
ਟੱਕਰ ਕਾਰਨ ਮੌਕੇ ਤੋਂ ਇੱਕ ਅੱਗ ਦਾ ਗੋਲਾ ਉੱਠਿਆ ਅਤੇ ਚਸ਼ਮਦੀਦਾਂ ਨੇ ਇਸ ਨੂੰ ਬਹੁਤ ਭਿਆਨਕ ਹਾਦਸਾ ਕਰਾਰ ਦਿੱਤਾ।