ਅਮਰੀਕਾ ਵਿੱਚ 30 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੀ ਇੱਕ 73 ਸਾਲਾ ‘ਗੈਰ-ਦਸਤਾਵੇਜ਼ੀ’ ਸਿੱਖ ਬੀਬੀ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਅਲਵਿਦਾ ਕਹਿਣ ਦਾ ਮੌਕਾ ਦਿੱਤੇ ਬਿਨਾਂ ਹਿਰਾਸਤ ਵਿੱਚ ਲੈਣ ਮਗਰੋਂ ਭਾਰਤ ਭੇਜ ਦਿੱਤਾ। ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਦਿੰਦਿਆਂ ਵਕੀਲ ਦੀਪਕ ਆਹਲੂਵਾਲੀਆ ਨੇ ਕਿਹਾ, ‘‘ਬੀਬੀ ਜੀ (ਹਰਜੀਤ ਕੌਰ) ਪੰਜਾਬ ਵਾਪਸ ਜਾ ਰਹੀ ਹੈ। ਉਹ ਪਹਿਲਾਂ ਹੀ ਭਾਰਤ ਪਹੁੰਚ ਚੁੱਕੀ ਹੈ।’’
ਹਰਜੀਤ ਕੌਰ ਨੂੰ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਨਿਯਮਤ ਜਾਂਚ ਲਈ ਸੱਦਣ ਮਗਰੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਜਿਸ ਕਾਰਨ ਬੀਬੀ ਦੇ ਪਰਿਵਾਰ ਅਤੇ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ।
ABC7News ਵਿੱਚ ਇੱਕ ਪੁਰਾਣੀ ਰਿਪੋਰਟ ਮੁਤਾਬਕ ਹਰਜੀਤ ਕੌਰ ਕਥਿਤ ਤੌਰ ’ਤੇ ਗੈਰ-ਦਸਤਾਵੇਜ਼ੀ ਸੀ।
ਉਹ 1992 ਵਿੱਚ ਦੋ ਪੁੱਤਰਾਂ ਨਾਲ ਇੱਕ ਇਕੱਲੀ ਮਾਂ ਵਜੋਂ ਅਮਰੀਕਾ ਪਹੁੰਚੀ ਸੀ।
ਉਸ ਦੀ ਨੂੰਹ ਮਨਜੀਤ ਕੌਰ ਨੇ ਪਹਿਲਾਂ ਦੱਸਿਆ ਸੀ ਕਿ 2012 ਵਿੱਚ ਹਰਜੀਤ ਕੌਰ ਦਾ asylum ਕੇਸ ਰੱਦ ਕਰ ਦਿੱਤਾ ਗਿਆ ਸੀ ਪਰ ਉਦੋਂ ਤੋਂ ਉਹ 13 ਸਾਲਾਂ ਤੋਂ ਵੱਧ ਸਮੇਂ ਲਈ ਹਰ ਛੇ ਮਹੀਨਿਆਂ ਦੌ+ਾਨ ਸਾਂ ਫਰਾਂਸਿਸਕੋ ਵਿੱਚ ICE ਨੂੰ ‘ਵਫ਼ਾਦਾਰੀ ਨਾਲ ਰਿਪੋਰਟ’ ਕਰਦੀ ਰਹੀ। ਬਰਕਲੇਸਾਈਡ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ‘‘ICE ਨੇ ਉਸ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਉਸ ਦੇ ਯਾਤਰਾ ਦਸਤਾਵੇਜ਼ ਪ੍ਰਾਪਤ ਹੋਣ ਤੱਕ ਵਰਕ ਪਰਮਿਟ ਦੇ ਨਾਲ ਨਿਗਰਾਨੀ ਹੇਠ ਸੰਯੁਕਤ ਰਾਜ ਅਮਰੀਕਾ ਵਿੱਚ ਰਹਿ ਸਕਦੀ ਹੈ।’’
ਹਰਜੀਤ ਕੌਰ ਦੀ ਹਿਰਾਸਤ ਤੋਂ ਬਾਅਦ ਕੈਲੀਫੋਰਨੀਆ ਵਿੱਚ ਵਿਰੋਧ ਪ੍ਰਦਰਸ਼ਨ ਹੋਏ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ’ਤੇ ‘ਸਾਡੀ ਦਾਦੀ ਨੂੰ ਰਿਹਾਅ ਕਰੋ’ ਅਤੇ ‘ਦਾਦੀ ਨੂੰ ਘਰ ਲਿਆਓ’ ਲਿਖ ਕੇ ਉਸ ਦੀ ਰਿਹਾਈ ਦੀ ਮੰਗ ਕੀਤੀ। ਰਿਪੋਰਟ ਮੁਤਾਬਕ ਹਰਜੀਤ ਕੌਰ ਦੇ ਅਮਰੀਕਾ ਵਿੱਚ ਦੋ ਪੋਤੇ ਅਤੇ ਤਿੰਨ ਪੋਤੀਆਂ ਹਨ। ਉਹ ਹੋਰ ਰਿਸ਼ਤੇਦਾਰਾਂ ਨਾਲ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇੱਕ ਭਾਰਤੀ ਕੱਪੜਿਆਂ ਦੀ ਦੁਕਾਨ ਵਿੱਚ ਕੰਮ ਕਰਦੀ ਸੀ।
ਉਸ ਦੀ ਇੱਕ ਪੋਤੀ ਸੁਖਦੀਪ ਕੌਰ ਨੇ ਹਰਜੀਤ ਕੌਰ ਨੂੰ ਇੱਕ ‘ਸੁਤੰਤਰ, ਨਿਰਸਵਾਰਥ ਅਤੇ ਮਿਹਨਤੀ ਔਰਤ’ ਵਜੋਂ ਦਰਸਾਇਆ, ਜੋ (ਸਮਾਜ ਲਈ) ‘ਮਾਂ ਦੀ ਸ਼ਖ਼ਸੀਅਤ’ ਵਰਗੀ ਸੀ।
ਪਰਿਵਾਰਕ ਮੈਂਬਰਾਂ ਨੇ ਹਰਜੀਤ ਕੌਰ ਦੀ ਸਿਹਤ ’ਤੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਇਸ ਉਮਰ ਦੀ ਔਰਤ ਨੂੰ ਥਾਇਰਾਇਡ, ਮਾਈਗ੍ਰੇਨ, ਗੋਡਿਆਂ ਦੇ ਦਰਦ ਅਤੇ ਚਿੰਤਾ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਗ੍ਰਸਤ ਰੱਖਣ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।