India vs New Zealand 3rd T20 ਭਾਰਤ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾਇਆ
ਭਾਰਤ ਨੇ ਨਿਊਜ਼ੀਲੈਂਡ ਖਿਲਾਫ਼ ਤੀਜੇ ਟੀ20 ਮੈਚ ਵਿਚ 154 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਜੇਤੂ ਟੀਚਾ 10 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ਨਾਲ 155 ਦੌੜਾਂ ਬਣਾ ਕੇ ਪੂਰਾ ਕਰ ਲਿਆ। ਅਭਿਸ਼ੇਕ ਸ਼ਰਮਾ 68 ਤੇ ਕਪਤਾਨ ਸੂਰਿਆਕੁਮਾਰ ਯਾਦਵ 57 ਦੌੜਾਂ ਨਾਲ ਨਾਬਾਦ ਰਹੇ। ਸ਼ਰਮਾ ਨੇ 20 ਗੇਂਦਾਂ ਦੀ ਪਾਰੀ ਵਿਚ 7 ਚੌਕੇ ਤੇ ਪੰਜ ਛੱਕੇ ਜੜੇ ਜਦੋਂਕਿ ਕਪਤਾਨ ਸੂਰਿਆਕੁਮਾਰ ਨੇ 6 ਚੌਕੇ ਤੇ 3 ਛੱਕੇ ਜੜੇ। ਸੰਜੂ ਸੈਮਸਨ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਿਹਾ ਜਦੋਂਕਿ ਇਸ਼ਾਨ ਕਿਸ਼ਨ ਨੇ 13 ਗੇਂਦਾਂ ’ਤੇ 28 ਦੌੜਾਂ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਲਈ ਮੈਟ ਹੈਨਰੀ ਤੇ ਈਸ਼ ਸੋਢੀ ਨੇ ਇਕ ਇਕ ਵਿਕਟ ਲਈ। ਇਸ ਜਿੱਤ ਨਾਲ ਭਾਰਤ ਨੇ ਪੰਜ ਟੀ20 ਮੈਚਾਂ ਦੀ ਲੜੀ ’ਚ 3-0 ਨਾਲ ਅਜੇਤੂ ਲੀਡ ਲੈ ਲਈ ਹੈ।
ਇਸ ਤੋਂ ਪਹਿਲਾਂ ਸਪਿੰਨਰ ਰਵੀ ਬਿਸ਼ਨੋਈ ਤੇ ਤਜਰਬੇਕਾਰ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਿਆ ਦੀ ਅਨੁਸ਼ਾਸਿਤ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਨੂੰ 20 ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ਨਾਲ 153 ਦੌੜਾਂ ਦੇ ਘੱਟ ਸਕੋਰ ’ਤੇ ਰੋਕ ਦਿੱਤਾ। ਵਰੁਣ ਚੱਕਰਵਰਤੀ ਦੀ ਥਾਂ ਟੀਮ ਵਿਚ ਸ਼ਾਮਲ ਕੀਤਾ ਰਵੀ ਬਿਸ਼ਨੋਈ ਕਰੀਬ ਇਕ ਸਾਲ ਬਾਅਦ ਭਾਰਤੀ ਟੀਮ ਵਿਚ ਖੇਡ ਰਿਹਾ ਹੈ। ਬਿਸ਼ਨੋਈ ਨੇ ਚਾਰ ਓਵਰਾਂ ਵਿਚ 18 ਦੌੜਾਂ ਬਦਲੇ ਦੋ ਵਿਕਟ ਲਏ। ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਵਿਚਲੇ ਓਵਰਾਂ ਵਿਚ ਭਾਰਤੀ ਗੇਂਦਬਾਜ਼ਾਂ ਨੇ ਮੈਚ ’ਤੇ ਆਪਣੀ ਪਕੜ ਬਣਾਈ ਰੱਖੀ। ਬੁਮਰਾਹ ਨੇ ਚਾਰ ਓਵਰਾਂ ਵਿਚ 17 ਦੌੜਾਂ ਬਦਲੇ ਤਿੰਨ ਵਿਕਟ ਲਏ। ਭਾਰਤ ਨੇ ਪਾਵਰਪਲੇਅ ਵਿਚ ਹੀ ਸ਼ੁਰੂਆਤੀ ਵਿਕਟ ਲੈ ਕੇ ਮਹਿਮਾਨ ਟੀਮ ਨੂੰ ਪਿੱਛਲ ਪੈਰੀਂ ਧੱਕ ਦਿੱਤਾ ਸੀ। ਟੀਮ ਨੇ 34 ਦੌੜਾਂ ਬਦਲੇ ਤਿੰਨ ਵਿਕਟ ਗੁਆ ਲਏ ਸਨ। ਹਾਰਦਿਕ ਨੇ 23 ਦੌੜਾਂ ਬਦਲੇ ਦੋ ਵਿਕਟ ਲਏ ਜਦੋਂਕਿ ਹਰਸ਼ਿਤ ਰਾਣਾ ਦੇ ਹਿੱਸੇ 35 ਦੌੜਾਂ ਬਦਲੇ ਇਕ ਵਿਕਟ ਆਈ। ਨਿਊਜ਼ੀਲੈਂਡ ਲਈ ਗਲੈਨ ਫਿਲਿਪਸ 48 ਦੌੜਾਂ ਨਾਲ ਟੌਪ ਸਕੋਰਰ ਰਿਹਾ। ਮਾਰਕ ਚੈਪਮੈਨ ਨੇ 23 ਗੇਂਦਾਂ ਵਿਚ 32 ਦੌੜਾ ਬਣਾਈਆਂ। ਉਸ ਨੇ ਫਿਲਿਪਸ ਨਾਲ 52 ਦੌੜਾਂ ਦੀ ਭਾਈਵਾਲੀ ਕੀਤੀ। ਭਾਰਤੀ ਸਪਿੰਨਰ ਕੁਲਦੀਪ ਯਾਦਵ ਲਈ ਅੱਜ ਦਿਨ ਚੰਗਾ ਨਹੀਂ ਰਿਹਾ। ਕੁਲਦੀਪ ਨੇ ਆਪਣੇ ਪਹਿਲੇ ਓਵਰ ਵਿਚ ਤਿੰਨ ਜਦੋਂਕਿ ਦੂਜੇ ਓਵਰ ਵਿਚ 19 ਦੌੜਾਂ ਦਿੱਤੀਆਂ। ਚੈਪਮੈਨ ਨੇ ਲਗਾਤਾਰ ਗੇਂਦਾਂ ਵਿਚ ਛੱਕਾ ਤੇ ਚੌਕਾ ਜੜਿਆ ਤੇ ਇਸ ਮਗਰੋਂ ਫਿਲਿਪਸ ਨੇ ਲੌਂਗ ਔਨ ’ਤੇ ਛੱਕਾ ਜੜਿਆ।