India latest news

ਅਫ਼ਗਾਨਿਸਤਾਨ ਵਿਚ ਮੁੜ ਦੂਤਾਵਾਸ ਖੋਲ੍ਹੇਗਾ ਭਾਰਤ, ਵਿਦੇਸ਼ ਮੰਤਰੀ ਜੈਸ਼ੰਕਰ ਵੱਲੋਂ ਕੀਤਾ ਗਿਆ ਐਲਾਨ

ਅਫ਼ਗਾਨਿਸਤਾਨ ਵਿਚ ਮੁੜ ਦੂਤਾਵਾਸ ਖੋਲ੍ਹੇਗਾ ਭਾਰਤ, ਵਿਦੇਸ਼ ਮੰਤਰੀ ਜੈਸ਼ੰਕਰ ਵੱਲੋਂ ਕੀਤਾ ਗਿਆ ਐਲਾਨ
  • PublishedOctober 10, 2025

ਭਾਰਤ ਅਫ਼ਗਾਨਿਸਤਾਨ ਵਿਚ ਅਪਣਾ ਦੂਤਾਵਾਸ ਦੁਬਾਰਾ ਖੋਲ੍ਹੇਗਾ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਸ਼ੁਕਰਵਾਰ ਨੂੰ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਨਾਲ ਦੁਵੱਲੀ ਮੁਲਾਕਾਤ ਦੌਰਾਨ ਇਹ ਐਲਾਨ ਕੀਤਾ।

ਜੈਸ਼ੰਕਰ ਨੇ ਕਿਹਾ ਕਿ ਭਾਰਤ ਕਾਬੁਲ ਵਿਚ ਅਪਣੇ ਤਕਨੀਕੀ ਮਿਸ਼ਨ ਨੂੰ ਦੂਤਾਵਾਸ ਵਿਚ ਬਦਲ ਦੇਵੇਗਾ। 2021 ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਭਾਰਤ ਨੇ ਦੂਤਾਵਾਸ ਬੰਦ ਕਰ ਦਿਤਾ ਸੀ, ਪਰ ਵਪਾਰ, ਡਾਕਟਰੀ ਸਹਾਇਤਾ ਅਤੇ ਮਨੁੱਖੀ ਸਹਾਇਤਾ ਦੀ ਸਹੂਲਤ ਲਈ ਇਕ ਸਾਲ ਬਾਅਦ ਇਕ ਛੋਟਾ ਮਿਸ਼ਨ ਖੋਲ੍ਹਿਆ।

ਦਿੱਲੀ ਵਿਚ ਜੈਸ਼ੰਕਰ ਅਤੇ ਮੁਤੱਕੀ ਵਿਚਕਾਰ ਹੋਈ ਮੀਟਿੰਗ ਦੌਰਾਨ ਕਿਸੇ ਵੀ ਦੇਸ਼ ਦੇ ਝੰਡੇ ਦੀ ਵਰਤੋਂ ਨਹੀਂ ਕੀਤੀ ਗਈ। ਦਰਅਸਲ, ਭਾਰਤ ਨੇ ਅਜੇ ਤਕ ਅਫ਼ਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿਤੀ ਹੈ। ਮੁਤੱਕੀ ਵੀਰਵਾਰ ਨੂੰ ਇਕ ਹਫ਼ਤੇ ਦੀ ਯਾਤਰਾ ਲਈ ਦਿੱਲੀ ਪਹੁੰਚੇ। ਅਗੱਸਤ 2021 ਵਿਚ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਕਾਬੁਲ ਤੋਂ ਦਿੱਲੀ ਦੀ ਪਹਿਲੀ ਮੰਤਰੀ ਪੱਧਰੀ ਯਾਤਰਾ ਹੈ।

ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਅਫ਼ਗਾਨਿਸਤਾਨ ਦੇ ਵਿਕਾਸ ਵਿਚ ਡੂੰਘੀ ਦਿਲਚਸਪੀ ਹੈ। ਉਨ੍ਹਾਂ ਨੇ ਅਤਿਵਾਦ ਨਾਲ ਲੜਨ ਲਈ ਕੀਤੇ ਜਾ ਰਹੇ ਸਾਂਝੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਮੁਤੱਕੀ ਨੂੰ ਕਿਹਾ ਕਿ ਅਸੀਂ ਭਾਰਤ ਦੀ ਸੁਰੱਖਿਆ ਪ੍ਰਤੀ ਤੁਹਾਡੀ ਸੰਵੇਦਨਸ਼ੀਲਤਾ ਦੀ ਕਦਰ ਕਰਦੇ ਹਾਂ ਅਤੇ ਪਹਿਲਗਾਮ ਅਤਿਵਾਦੀ ਹਮਲੇ ਦੌਰਾਨ ਤੁਹਾਡਾ ਸਮਰਥਨ ਸ਼ਲਾਘਾਯੋਗ ਸੀ।

ਜੈਸ਼ੰਕਰ ਨੇ ਕਿਹਾ, “ਭਾਰਤ ਅਫ਼ਗਾਨਿਸਤਾਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਆਜ਼ਾਦੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਨੂੰ ਹੋਰ ਮਜ਼ਬੂਤ ​​ਕਰਨ ਲਈ, ਮੈਂ ਅੱਜ ਭਾਰਤ ਦੇ ਤਕਨੀਕੀ ਮਿਸ਼ਨ ਨੂੰ ਭਾਰਤੀ ਦੂਤਾਵਾਸ ਦਾ ਦਰਜਾ ਦੇਣ ਦਾ ਐਲਾਨ ਕਰ ਰਿਹਾ ਹਾਂ।” ਮੁਤੱਕੀ ਨੇ ਭਾਰਤ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਅਫ਼ਗਾਨਿਸਤਾਨ ਵਿਚ ਭੂਚਾਲ ਦੌਰਾਨ ਸਹਾਇਤਾ ਪ੍ਰਦਾਨ ਕਰਨ ਵਾਲਾ ਪਹਿਲਾ ਦੇਸ਼ ਸੀ। ਅਫ਼ਗਾਨਿਸਤਾਨ ਭਾਰਤ ਨੂੰ ਇਕ ਕਰੀਬੀ ਦੋਸਤ ਮੰਨਦਾ ਹੈ।