Bilaspur landslide: ਬਿਲਾਸਪੁਰ ’ਚ ਬੱਸ ’ਤੇ ਪਹਾੜ ਡਿੱਗਿਆ; 15 ਹਲਾਕ
Bilaspur landslide: ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਪ੍ਰਾਈਵੇਟ ਬੱਸ ’ਤੇ ਢਿੱਗਾਂ ਡਿੱਗਣ ਕਾਰਨ ਇਸ ਵਿੱਚ ਸਵਾਰ ਘੱਟੋ-ਘੱਟ 15 ਯਾਤਰੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਝੰਡੂਤਾ ਵਿਧਾਨ ਸਭਾ ਹਲਕੇ ਦੇ ਭਲੂਘਾਟ ਇਲਾਕੇ ਵਿੱਚ ਵਾਪਰਿਆ। ਹਾਦਸੇ ਸਮੇਂ ਬੱਸ ਵਿੱਚ 30-35 ਯਾਤਰੀ ਸਵਾਰ ਸਨ ਅਤੇ ਇਹ ਬੱਸ ਮਰੋਟਾਂ ਤੋਂ ਘੁਮਾਰਵੀਂ ਜਾ ਰਹੀ ਸੀ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਕਈ ਲੋਕਾਂ ਦੇ ਅਜੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ ਜਦਕਿ ਤਿੰਨ ਜਣਿਆਂ ਨੂੰ ਬਚਾਅ ਲਿਆ ਗਿਆ ਹੈ। ਇਸ ਦੌਰਾਨ ਝੰਦੂਤਾ ਤੋਂ ਭਾਜਪਾ ਵਿਧਾਇਕ ਜੇ ਆਰ ਕਤਵਾਲ ਨੇ ਪੀਟੀਆਈ ਨਾਲ ਫੋਨ ’ਤੇ ਗੱਲਬਾਤ ਦੌਰਾਨ ਦੱਸਿਆ ਕਿ ਹੁਣ ਤੱਕ ਡਰਾਈਵਰ ਤੇ ਕੰਡਕਟਰ ਸਮੇਤ ਕੁੱਲ 15 ਜਣਿਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਤਿੰਨ ਜਣਿਆਂ ਨੂੰ ਬਚਾਉਣ ਮਗਰੋਂ ਹਸਪਤਾਲ ਲਿਜਾਇਆ ਗਿਆ ਹੈ।
ਬਿਲਾਸਪੁਰ ਦੇ ਐੱਸ ਪੀ ਸੰਦੀਪ ਢਾਵਲ ਨੇ ਦੱਸਿਆ ਕਿ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਰਮਚਾਰੀ ਮੌਕੇ ’ਤੇ ਮੌਜੂਦ ਹਨ ਤੇ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਮਲਬੇ ਵਿੱਚੋਂ 18 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬਚਾਅ ਕਾਰਜਾਂ ਵਿੱਚ ਲੱਗੇ ਪੁਲੀਸ ਕਰਮਚਾਰੀ ਨੇ ਦੱਸਿਆ, ‘ਪੂਰਾ ਪਹਾੜ ਬੱਸ ਉੱਤੇ ਡਿੱਗ ਗਿਆ ਹੈ ਅਤੇ ਯਾਤਰੀਆਂ ਦੇ ਬਚਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ।’
ਮੁਰਮੂ, ਮੋਦੀ ਅਤੇ ਸੁੱਖੂ ਨੇ ਦੁੱਖ ਪ੍ਰਗਟਾਇਆ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਲਾਸਪੁਰ ਵਿੱਚ ਵਾਪਰੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ’ਚੋਂ ਇੱਕ-ਇੱਕ ਲੱਖ ਰੁਪਏ ਤੇ ਜ਼ਖ਼ਮੀਆਂ ਲਈ 50,000 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਢਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਤੇ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਵੀ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। –