Disha Patani ਦੇ ਘਰ ‘ਤੇ ਗੋਲੀਬਾਰੀ ਕਰਨ ਵਾਲਿਆਂ ਦਾ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਐਨਕਾਊਂਟਰ

ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ‘ਤੇ ਗੋਲੀਬਾਰੀ ਦੀ ਘਟਨਾ ਦਾ ਖੁਲਾਸਾ ਕਰਦੇ ਹੋਏ, ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (STF) ਨੇ ਗਾਜ਼ੀਆਬਾਦ ਵਿੱਚ ਇੱਕ ਮੁਕਾਬਲੇ ਵਿੱਚ ਦੋ ਮੁਲਜ਼ਮਾਂ ਨੂੰ ਮਾਰ ਦਿੱਤਾ। ਦੋਵਾਂ ਮੁਲਜ਼ਮਾਂ ਦੀ ਪਛਾਣ ਰਵਿੰਦਰ ਉਰਫ਼ ਕੱਲੂ ਅਤੇ ਅਰੁਣ ਵਜੋਂ ਹੋਈ ਹੈ। ਪੁਲਸ ਦੇ ਅਨੁਸਾਰ, ਉਹ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਗੈਂਗ ਦੇ ਸਰਗਰਮ ਮੈਂਬਰ ਸਨ। ਇਹ ਮੁਕਾਬਲਾ STF ਦੀ ਨੋਇਡਾ ਯੂਨਿਟ ਅਤੇ ਦਿੱਲੀ ਦੀ CI ਯੂਨਿਟ ਦੀ ਸਾਂਝੀ ਟੀਮ ਵਿਚਕਾਰ ਥਾਣਾ ਟੈਕਨੋ ਸਿਟੀ ਖੇਤਰ ਵਿੱਚ ਹੋਇਆ।
12 ਸਤੰਬਰ ਨੂੰ, ਅਣਪਛਾਤੇ ਹਮਲਾਵਰਾਂ ਨੇ ਬਰੇਲੀ ਜ਼ਿਲ੍ਹੇ ਵਿੱਚ ਦਿਸ਼ਾ ਪਟਾਨੀ ਦੇ ਘਰ ‘ਤੇ ਗੋਲੀਬਾਰੀ ਕੀਤੀ। ਇਸ ਘਟਨਾ ਤੋਂ ਬਾਅਦ, ਕੋਤਵਾਲੀ ਪੁਲਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦਾ ਨੋਟਿਸ ਲਿਆ ਅਤੇ ਤੁਰੰਤ ਜਾਂਚ ਅਤੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ। ਬਰੇਲੀ ਪੁਲਸ ਅਤੇ ਉੱਤਰ ਪ੍ਰਦੇਸ਼ STF ਨੇ ਸਾਂਝੇ ਤੌਰ ‘ਤੇ ਹਮਲਾਵਰਾਂ ਦੀ ਭਾਲ ਸ਼ੁਰੂ ਕੀਤੀ।
ਦੋਵੇਂ ਮੁਲਜ਼ਮ ਹਰਿਆਣਾ ਨਾਲ ਸਬੰਧਿਤ
ਪੁਲਸ ਨੇ ਗੁਆਂਢੀ ਰਾਜਾਂ ਦੇ ਸੀਸੀਟੀਵੀ ਫੁਟੇਜ ਅਤੇ ਅਪਰਾਧ ਰਿਕਾਰਡ ਦੀ ਤੁਲਨਾ ਕਰਕੇ ਹਮਲਾਵਰਾਂ ਦੀ ਪਛਾਣ ਕੀਤੀ। ਰਵਿੰਦਰ ਪੁੱਤਰ ਕੱਲੂ ਵਾਸੀ ਕਹਾਨੀ, ਰੋਹਤਕ (ਹਰਿਆਣਾ) ਅਤੇ ਅਰੁਣ ਪੁੱਤਰ ਰਾਜੇਂਦਰ ਵਾਸੀ ਇੰਡੀਅਨ ਕਲੋਨੀ, ਗੋਹਨਾ ਰੋਡ, ਸੋਨੀਪਤ (ਹਰਿਆਣਾ)। ਰਵਿੰਦਰ ਪਹਿਲਾਂ ਵੀ ਕਈ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਸੀ। ਮੰਗਲਵਾਰ ਨੂੰ, ਸਪੈਸ਼ਲ ਟਾਸਕ ਫੋਰਸ (STF) ਟੀਮ ਨੂੰ ਗਾਜ਼ੀਆਬਾਦ ਦੇ ਟੈਕਨੋ ਸਿਟੀ ਖੇਤਰ ਵਿੱਚ ਲੁਕੇ ਹੋਏ ਅਪਰਾਧੀਆਂ ਬਾਰੇ ਜਾਣਕਾਰੀ ਮਿਲੀ।
ਜਦੋਂ ਪੁਲਸ ਨੇ ਉਨ੍ਹਾਂ ਨੂੰ ਘੇਰ ਲਿਆ, ਤਾਂ ਦੋਵਾਂ ਨੇ ਆਤਮ ਸਮਰਪਣ ਕਰਨ ਦੀ ਬਜਾਏ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਵਿੱਚ ਰਵਿੰਦਰ ਅਤੇ ਅਰੁਣ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮੌਕੇ ਤੋਂ ਵੱਡੀ ਮਾਤਰਾ ਵਿੱਚ ਕਾਰਤੂਸ ਦੇ ਨਾਲ ਗਲੌਕ ਅਤੇ ਜ਼ਿਗਾਨਾ ਪਿਸਤੌਲ ਬਰਾਮਦ ਕੀਤੇ। STF ਨੇ ਕਿਹਾ ਕਿ ਇਹ ਹਥਿਆਰ ਵਿਦੇਸ਼ਾਂ ਤੋਂ ਤਸਕਰੀ ਕੀਤੇ ਗਏ ਸਨ।