Delhi India

DUSU ਚੋਣਾਂ ‘ਚ ABVP ਦੀ ਵੱਡੀ ਜਿੱਤ, ਆਰੀਅਨ ਮਾਨ ਨੇ ਪ੍ਰਧਾਨਗੀ ਦੇ ਅਹੁਦੇ ‘ਤੇ ਮਾਰੀ ਬਾਜ਼ੀ

DUSU ਚੋਣਾਂ ‘ਚ ABVP ਦੀ ਵੱਡੀ ਜਿੱਤ, ਆਰੀਅਨ ਮਾਨ ਨੇ ਪ੍ਰਧਾਨਗੀ ਦੇ ਅਹੁਦੇ ‘ਤੇ ਮਾਰੀ ਬਾਜ਼ੀ
  • PublishedSeptember 19, 2025

ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (DUSU) ਦੀਆਂ ਚੋਣਾਂ ਵਿੱਚ ABVP ਦੇ ਆਰੀਅਨ ਮਾਨ ਨੇ ਫੈਸਲਾਕੁੰਨ ਜਿੱਤ ਹਾਸਲ ਕੀਤੀ, ਜਿਸ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਉੱਤਰੀ ਕੈਂਪਸ ਦੇ ਕਮਿਊਨਿਟੀ ਸੈਂਟਰ ਵਿੱਚ ਭਾਰੀ ਸੁਰੱਖਿਆ ਦਰਮਿਆਨ ਸ਼ੁਰੂ ਹੋਈ ਸੀ।
ਵੋਟਾਂ ਦੀ ਗਿਣਤੀ ਦੇ 20ਵੇਂ ਦੌਰ ਦੇ ਅੰਤ ਤੱਕ ਆਰੀਅਨ ਮਾਨ ਕੋਲ 28,821 ਵੋਟਾਂ ਸਨ, ਜਦੋਂ ਕਿ NSUI ਦੀ ਉਮੀਦਵਾਰ ਜੋਸਲਿਨ ਨੰਦਿਤਾ ਚੌਧਰੀ ਨੂੰ ਸਿਰਫ਼ 12,645 ਵੋਟਾਂ ਮਿਲੀਆਂ।

ਪ੍ਰਧਾਨਗੀ ਤੋਂ ਇਲਾਵਾ ABVP ਨੇ ਸਕੱਤਰ (ਕੁਨਾਲ ਚੌਧਰੀ) ਅਤੇ ਸੰਯੁਕਤ ਸਕੱਤਰ (ਦੀਪਿਕਾ ਝਾਅ) ਦੇ ਅਹੁਦਿਆਂ ’ਤੇ ਕਬਜ਼ਾ ਕਰ ਲਿਆ। ਹਾਲਾਂਕਿ NSUI ਦੇ ਉਮੀਦਵਾਰ ਰਾਹੁਲ ਝਾਂਸਲਾ ਯਾਦਵ ਨੇ 29,339 ਵੋਟਾਂ ਨਾਲ ਮੀਤ ਪ੍ਰਧਾਨ ਦਾ ਅਹੁਦਾ ਹਾਸਲ ਕੀਤਾ।

ਇਸ ਤੋਂ ਪਹਿਲਾਂ ਚੋਣ ਅਮਲੇ ਨੇ ਈਵੀਐੱਮ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਉਮੀਦਵਾਰਾਂ ਅਤੇ ਸਾਰੀਆਂ ਪ੍ਰਮੁੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸਟਰਾਂਗ ਰੂਮ ਖੋਲ੍ਹਿਆ।

ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਚਾਰ ਮੁੱਖ ਅਹੁਦਿਆਂ ਲਈ ਜ਼ੋਰਦਾਰ ਪ੍ਰਚਾਰ ਹੋਇਆ।

ਮੁੱਖ ਚੋਣ ਅਧਿਕਾਰੀ ਪ੍ਰੋਫੈਸਰ ਰਾਜ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਸਮੇਂ ਸਿਰ ਸ਼ੁਰੂ ਹੋ ਗਈ ਸੀ। ਉਨ੍ਹਾਂ ਕਿਹਾ, “ਉਮੀਦਵਾਰਾਂ ਦੇ ਸਾਹਮਣੇ ਸਟਰਾਂਗ ਰੂਮ ਖੋਲ੍ਹਿਆ ਗਿਆ ਸੀ ਅਤੇ ਫਿਰ ਪ੍ਰਕਿਰਿਆ ਮਸ਼ੀਨਾਂ ਵਿੱਚ ਤਬਦੀਲ ਹੋ ਗਈ ਸੀ। ਗਿਣਤੀ ਲਈ ਇੱਕ ਵੱਡੀ ਟੀਮ ਤਾਇਨਾਤ ਕੀਤੀ ਗਈ ਸੀ।’’