CRPF ਵੱਲੋਂ ਰਾਹੁਲ ਗਾਂਧੀ ’ਤੇ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਦਾ ਦਾਅਵਾ, ਖੜਗੇ ਨੂੰ ਲਿਖੀ ਚਿੱਠੀ

ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਆਪਣੀਆਂ ਗਤੀਵਿਧੀਆਂ ਦੌਰਾਨ ਕਥਿਤ ਤੌਰ ’ਤੇ ਕੁਝ ਸੁਰੱਖਿਆ ਪ੍ਰੋਟੋਕੋਲ ਦੀ ‘ਉਲੰਘਣਾ’ ਦਾ ਦਾਅਵਾ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖਿਆ ਹੈ।
ਕਾਂਗਰਸ ਨੇ ਇਸ ਦਾਅਵਾ ’ਤੇ ਮੋੜਵਾਂ ਜਵਾਬ ਦਿੰਦਿਆਂ ਅਜਿਹਾ ਦਾਅਵਾ ਕਰਨ ਦੇ ਸਮੇਂ ’ਤੇ ਸਵਾਲ ਉਠਾਏ। ਪਾਰਟੀ ਨੇ ਕਿਹਾ ਕਿ ਕੀ ਇਹ ਉਨ੍ਹਾਂ ਨੂੰ ਡਰਾਉਣ ਦੀ ਇੱਕ ‘ਲੁਕਵੀਂ ਕੋਸ਼ਿਸ਼’ ਹੈ, ਜਦੋਂ ਉਨ੍ਹਾਂ ਨੇ ‘ਵੋਟ ਚੋਰੀ’ ’ਤੇ ‘ਇੱਕ ਹੋਰ ਜਲਦੀ ਖੁਲਾਸਾ’ ਦਾ ਐਲਾਨ ਕੀਤਾ ਹੈ।
CRPF VIP ਸੁਰੱਖਿਆ ਵਿੰਗ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (ਐਲਓਪੀ) ਰਾਹੁਲ ਗਾਂਧੀ (55) ਨੂੰ ‘Z plus (ASL)’ ਹਥਿਆਰਬੰਦ ਸੁਰੱਖਿਆ ਪ੍ਰਦਾਨ ਕਰਦਾ ਹੈ। ਜਦੋਂ ਵੀ ਰਾਹੁਲ ਗਾਂਧੀ ਦੌਰੇ ’ਤੇ ਹੁੰਦੇ ਹਨ ਤਾਂ ਲਗਭਗ 10-12 ਹਥਿਆਰਬੰਦ ਸੀਆਰਪੀਐੱਫ ਕਮਾਂਡੋ ਉਨ੍ਹਾਂ ਨੂੰ ਇੱਕ ਨਜ਼ਦੀਕੀ ਸੁਰੱਖਿਆ ਕਵਰ ਮੁਹੱਈਆ ਕਰਵਾਉਂਦੇ ਹਨ।
ਸੂਤਰਾਂ ਨੇ ਕਿਹਾ ਕਿ ਅਰਧ ਸੈਨਿਕ ਬਲ ਦੀ ਵੀਆਈਪੀ ਸੁਰੱਖਿਆ ਇਕਾਈ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਇੱਕ ਪੱਤਰ ਭੇਜਿਆ ਹੈ, ਜਿਸ ਵਿੱਚ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦੇ ਘਰੇਲੂ ਦੌਰਿਆਂ ਦੌਰਾਨ ਅਤੇ ਵਿਦੇਸ਼ ਜਾਣ ਤੋਂ ਪਹਿਲਾਂ ਕੁਝ ‘ਬਿਨਾਂ ਸੂਚਨਾ ਦੇ ਅਣ-ਨਿਰਧਾਰਤ ਗਤੀਵਿਧੀਆਂ’ ਦਾ ਜ਼ਿਕਰ ਕੀਤਾ ਗਿਆ ਹੈ।
ਸੂਤਰਾਂ ਨੇ ਕਿਹਾ ਕਿ ਇਹ ਪੱਤਰ ‘ਨਿਯਮਿਤ’ ਕਾਰਵਾਈ ਸੀ ਅਤੇ ਪਹਿਲਾਂ ਵੀ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਸੰਦਰਭ ਵਿੱਚ ਸੀਆਰਪੀਐੱਫ ਸੁਰੱਖਿਆ ਵਿੰਗ ਵੱਲੋਂ ਭੇਜਿਆ ਗਿਆ ਸੀ।
ਇਸ ਘਟਨਾਕ੍ਰਮ ’ਤੇ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ, ‘‘ਸੀਆਰਪੀਐੱਫ ਦੇ ਪੱਤਰ ਦਾ ਸਮਾਂ ਅਤੇ ਇਸ ਦੀ ਤੁਰੰਤ ਜਨਤਕ ਰਿਲੀਜ਼ ਪ੍ਰੇਸ਼ਾਨ ਕਰਨ ਵਾਲੇ ਸਵਾਲ ਖੜ੍ਹੇ ਕਰਦੀ ਹੈ। ਇਹ ਉਦੋਂ ਸਾਹਮਣੇ ਆਇਆ ਹੈ ਜਦੋਂ ਰਾਹੁਲ ਗਾਂਧੀ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਕੀਤੀ ਗਈ ਭਾਜਪਾ ਦੀ ਵੋਟ ਚੋਰੀ ਦੇ ਦੋਸ਼ ਦੀ ਅਗਵਾਈ ਕਰ ਰਹੇ ਹਨ।’’