Canadian PM Carney to visit India ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਮਾਰਚ ਵਿੱਚ ਭਾਰਤ ਦਾ ਦੌਰਾ ਕਰਨਗੇ
ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਮਾਰਚ ਦੇ ਪਹਿਲੇ ਹਫ਼ਤੇ ਭਾਰਤ ਦਾ ਦੌਰਾ ਕਰਨ ਲਈ ਤਿਆਰ ਹਨ। ਇਸ ਦੌਰਾਨ ਦੋਵੇਂ ਦੇਸ਼ ਆਪਣੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਈ ਮਾਮਲਿਆਂ ’ਤੇ ਗੱਲਬਾਤ ਕਰਨਗੇ ਤੇ ਸਮਝੌਤੇ ਸਹੀਬੰਦ ਕਰਨਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਯਾਤਰਾ ਦੌਰਾਨ ਯੂਰੇਨੀਅਮ, ਊਰਜਾ, ਖਣਿਜ ਅਤੇ ਮਸਨੂਈ ਬੌਧਿਕਤਾ ਦੇ ਮਾਮਲਿਆਂ ’ਤੇ ਸਮਝੌਤਿਆਂ ’ਤੇ ਦਸਤਖਤ ਹੋਣਗੇ।
ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੈਨੇਡਾ ਦੇ ਊਰਜਾ ਮੰਤਰੀ ਟਿਮ ਹਾਜਸਨ ਇਸ ਹਫ਼ਤੇ ਭਾਰਤ ਦਾ ਦੌਰਾ ਕਰ ਰਹੇ ਹਨ, ਜਿਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਭਾਰਤ ਦਾ ਦੌਰਾ ਕਰਨਗੇ ਪਰ ਇਸ ਸਬੰਧੀ ਹਾਲੇ ਤਕ ਅਧਿਕਾਰਤ ਤੌਰ ’ਤੇ ਤਰੀਕ ਨਹੀਂ ਐਲਾਨੀ ਗਈ।
ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਪਹਿਲਾਂ ਕਿਹਾ ਸੀ ਕਿ ਦੋ ਸਾਲਾਂ ਦੇ ਤਣਾਅਪੂਰਨ ਸਬੰਧਾਂ ਮਗਰੋਂ ਕੈਨੇਡਾ ਤੇ ਭਾਰਤ ਵਪਾਰ ਸਮਝੌਤੇ ਨੂੰ ਅੱਗੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰਨਗੇ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਵਿਚ ਜੀ20 ਸਿਖਰ ਵਾਰਤਾ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਦਰਮਿਆਨ ਮੀਟਿੰਗ ਹੋਈ ਸੀ।
ਬੈਠਕ ਵਿਚ ਦੋਵਾਂ ਆਗੂਆਂ ਨੇ ਇਕ ਨਵੇਂ ਵਪਾਰ ਸਮਝੌਤੇ ਲਈ ਗੱਲਬਾਤ ਮੁੜ ਸ਼ੁਰੂ ਕਰਨ ਬਾਰੇ ਸਹਿਮਤੀ ਦਿੱਤੀ ਸੀ। ਆਨੰਦ ਨੇ ਕਿਹਾ ਕਿ ਦੋਵੇਂ ਆਗੂ ਇਸ ਗੱਲ ’ਤੇ ਦ੍ਰਿੜ ਸਨ ਕਿ ਇਹ ਕੰਮ ਜਲਦੀ ਤੋਂ ਜਲਦੀ ਪੂਰਾ ਹੋਵੇ। ਆਨੰਦ ਨੇ ਅਗਲੇ ਦਹਾਕੇ ਵਿਚ ਗੈਰ ਅਮਰੀਕੀ ਵਪਾਰ ਨੂੰ ਦੁੱਗਣਾ ਕਰਨ ਦੇ ਕਾਰਨੀ ਦੇ ਟੀਚੇ ਦਾ ਜ਼ਿਕਰ ਕੀਤਾ। ਕੈਨੇਡਾ ਵਿਸ਼ਵ ਦੇ ਉਨ੍ਹਾਂ ਕੁਝ ਦੇਸ਼ਾਂ ਵਿਚੋਂ ਇਕ ਹੈ, ਜਿਨ੍ਹਾਂ ਦਾ ਅਰਥਚਾਰਾ ਵਪਾਰ ’ਤੇ ਨਿਰਭਰ ਹੈ ਤੇ ਕੈਨੇਡਾ ਦਾ 75 ਫੀਸਦ ਤੋਂ ਵਧ ਬਰਾਮਦ ਅਮਰੀਕਾ ਨੂੰ ਜਾਂਦੀ ਹੈ।