India latest news

‘ਆਈ ਲਵ ਮੁਹੰਮਦ’ ਵਿਵਾਦ: ਬਰੇਲੀ ਮਸਜਿਦ ’ਚ ਨਮਾਜ਼ ਤੋਂ ਬਾਅਦ ਪੁਲੀਸ ਤੇ ਲੋਕਾਂ ’ਚ ਝੜਪ

‘ਆਈ ਲਵ ਮੁਹੰਮਦ’ ਵਿਵਾਦ: ਬਰੇਲੀ ਮਸਜਿਦ ’ਚ ਨਮਾਜ਼ ਤੋਂ ਬਾਅਦ ਪੁਲੀਸ ਤੇ ਲੋਕਾਂ ’ਚ ਝੜਪ
  • PublishedSeptember 26, 2025

ਸਥਾਨਕ ਮੌਲਵੀ ਅਤੇ Ittehad-e-Millat ਕੌਂਸਲ ਦੇ ਮੁਖੀ ਮੌਲਾਨਾ ਤੌਕੀਰ ਰਜ਼ਾ ਵੱਲੋਂ ‘ਆਈ ਲਵ ਮੁਹੰਮਦ’ ਮੁਹਿੰਮ ਦੇ ਸਮਰਥਨ ਵਿੱਚ ਪ੍ਰਸਤਾਵਿਤ ਪ੍ਰਦਰਸ਼ਨ ਨੂੰ ਮੁਲਤਵੀ ਕਰਨ ਦੇ ਐਲਾਨ ਕਾਰਨ ਅੱਜ ਬਰੇਲੀ ਵਿੱਚ ਇੱਕ ਮਸਜਿਦ ਦੇ ਬਾਹਰ ਭੀੜ ਅਤੇ ਪੁਲੀਸ ਦਰਮਿਆਨ ਝੜਪ ਹੋ ਗਈ।

ਪੁਲੀਸ ਨੇ ਕਿਹਾ ਕਿ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ‘ਆਈ ਲਵ ਮੁਹੰਮਦ’ ਦੇ ਪੋਸਟਰ ਫੜੀ ਭੀੜ ਮੌਲਵੀ ਦੇ ਘਰ ਅੱਗੇ ਅਤੇ ਮਸਜਿਦ ਨੇੜੇ ਇਕੱਠੀ ਹੋਈ, ਦੋਵੇਂ ਕੋਤਵਾਲੀ ਖੇਤਰ ਵਿੱਚ ਅਤੇ ਇੱਕ-ਦੂਜੇ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਸਨ, ਲੋਕਾਂ ਨੇ ਪ੍ਰਦਰਸ਼ਨ ਨੂੰ ਮੁਅੱਤਲ ਕਰਨ ’ਤੇ ਰੋਸ ਜ਼ਾਹਰ ਕੀਤਾ।

ਪੁਲੀਸ ਨੇ ਮਸਜਿਦ ਦੇ ਬਾਹਰ ਇਕੱਠੀ ਹੋਈ ਭੀੜ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਪਰ ਰੋਹ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਪੁਲੀਸ ਨੂੰ ਤਾਕਤ ਦੀ ਵਰਤੋਂ ਕਰਨੀ ਪਈ।

ਸੋਸ਼ਲ ਮੀਡੀਆ ਅਤੇ ਟੈਲੀਵਿਜ਼ਨ ਨਿਊਜ਼ ਚੈਨਲਾਂ ’ਤੇ ਦਿਖਾਈਆਂ ਗਈਆਂ ਤਸਵੀਰਾਂ ਵਿੱਚ ਸਥਾਨਕ ਲੋਕਾਂ ਨੂੰ ਪੁਲੀਸ ਨਾਲ ਝੜਪ ਕਰਦੇ ਦਿਖਾਇਆ ਗਿਆ। ਪੁਲੀਸ ਨੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਲਾਠੀਚਾਰਜ ਕੀਤਾ।

ਡੀਆਈਜੀ ਅਜੈ ਕੁਮਾਰ ਸਾਹਨੀ, ਐੱਸਐੱਸਪੀ ਅਨੁਰਾਗ ਆਰੀਆ ਅਤੇ ਡੀਐੱਮ ਅਵਿਨਾਸ਼ ਸਿੰਘ ਸਣੇ ਸੀਨੀਅਰ ਅਧਿਕਾਰੀ ਕੋਤਵਾਲੀ ਖੇਤਰ ਵਿੱਚ ਪਹੁੰਚੇ ਤਾਂ ਜੋ ਸਥਿਤੀ ਨੂੰ ਕਾਬੂ ਕੀਤਾ ਜਾ ਸਕੇ।

ਡੀਐੱਮ ਅਵਿਨਾਸ਼ ਸਿੰਘ ਨੇ ਦੱਸਿਆ, ‘‘ਸਥਿਤੀ ਹੁਣ ਕਾਬੂ ਹੇਠ ਹੈ। ਕੋਈ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਹੈ। ਅਸੀਂ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਾਂ।’’

ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਥਾਵਾਂ ’ਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਹੈ।

ਇਹ ਵਿਵਾਦ 9 ਸਤੰਬਰ ਤੋਂ ਭਖ਼ਿਆ ਹੋਇਆ ਹੈ, ਜਦੋਂ ਪੁਲੀਸ ਨੇ 4 ਸਤੰਬਰ ਨੂੰ ਇੱਕ ਬਰਾਵਤ ਜਲੂਸ ਦੌਰਾਨ ਕਾਨਪੁਰ ਵਿੱਚ ਇੱਕ ਜਨਤਕ ਸੜਕ ’ਤੇ ‘ਆਈ ਲਵ ਮੁਹੰਮਦ’ ਲਿਖੇ ਬੋਰਡ ਲਗਾਉਣ ਦੇ ਦੋਸ਼ ਹੇਠ ਨੌਂ ਨਾਮਜ਼ਦ ਅਤੇ 15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ।

ਇਸ ਕਦਮ ’ਤੇ ਹਿੰਦੂ ਸੰਗਠਨਾਂ ਨੇ ਇਤਰਾਜ਼ ਪ੍ਰਗਟ ਕੀਤਾ, ਜਿਨ੍ਹਾਂ ਨੇ ਇਸ ਨੂੰ ‘ਨਵਾਂ ਰੁਝਾਨ’ ਕਰਾਰ ਦਿੱਤਾ ਅਤੇ ਦੋਸ਼ ਲਗਾਇਆ ਕਿ ਇਹ ਜਾਣ-ਬੁੱਝ ਕੇ ਭੜਕਾਇਆ ਗਿਆ ਸੀ।