latest news World

Bangladesh Election 2026: ਬੰਗਲਾਦੇਸ਼ ਵਿਚ 48 ਫੀਸਦੀ ਦੇ ਕਰੀਬ ਵੋਟਿੰਗ

Bangladesh Election 2026: ਬੰਗਲਾਦੇਸ਼ ਵਿਚ 48 ਫੀਸਦੀ ਦੇ ਕਰੀਬ ਵੋਟਿੰਗ
  • PublishedFebruary 12, 2026

ਬੰਗਲਾਦੇਸ਼ ਵਿਚ ਆਮ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਬੰਗਲਾਦੇਸ਼ ਚੋਣ ਕਮਿਸ਼ਨ ਦੇ ਸੀਨੀਅਰ ਸਕੱਤਰ ਅਖ਼ਤਰ ਅਹਿਮਦ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਸਾ ਦੀ ਇੱਕਾ ਦੁੱਕਾ ਘਟਨਾਵਾਂ ਦੇ ਬਾਵਜੂਦ ਸਾਰੇ ਕੇਂਦਰਾਂ ਵਿਚ ਵੋਟਿੰਗ ਦਾ ਅਮਲ ਬੇਰੋਕ ਜਾਰੀ ਰਿਹਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਕਿਸੇ ਵੀ ਪੋਲਿੰਗ ਕੇਂਦਰ ’ਤੇ ਵੋਟਿੰਗ ਰੱਦ ਜਾਂ ਮੁਅੱਤਲ ਨਹੀਂ ਕੀਤੀ ਗਈ। ਬੰਗਲਾਦੇਸ਼ ਵਿਚ ਸਵੇੇਰੇ 7:30 ਵਜੇ ਪੋਲਿੰਗ ਸ਼ੁਰੂ ਹੋਈ ਜੋ ਸ਼ਾਮੀਂ 4:30 ਵਜੇ ਤੱਕ ਜਾਰੀ ਰਹੀ।

ਬੰਗਲਾਦੇਸ਼ ਵਿੱਚ ਅੱਜ ਵੋਟਿੰਗ ਸਮਾਪਤ ਹੋ ਗਈ ਹੈ। ਇਸ ਦੌਰਾਨ ਕਈ ਥਾਈਂ ਵੋਟਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਤੇ ਕੇਂਦਰਾਂ ਅੰਦਰ ਆ ਚੁੱਕੇ ਵੋਟਰਾਂ ਦੀਆਂ ਵੋਟਾਂ ਪਵਾਈਆਂ ਜਾ ਰਹੀਆਂ ਹਨ। ਇਹ ਵੀ ਪਤਾ ਲੱਗਿਆ ਹੈ ਕਿ ਅੱਜ ਹੀ ਚੋਣਾਂ ਦੇ ਨਤੀਜੇ ਆ ਜਾਣਗੇ। ਬੰਗਲਾਦੇਸ਼ ਵਿਚ 48 ਫੀਸਦੀ ਦੇ ਕਰੀਬ ਵੋਟਾਂ ਪਈਆਂ ਹਨ।

ਦੱਸਣਾ ਬਣਦਾ ਹੈ ਕਿ ਅਗਸਤ 2024 ਵਿੱਚ ਸ਼ੇਖ ਹਸੀਨਾ ਦੀ ਸਰਕਾਰ ਦੇ ਤਖ਼ਤਾਪਲਟ ਤੋਂ ਬਾਅਦ ਇਹ ਦੇਸ਼ ਦੀਆਂ ਪਹਿਲੀਆਂ ਆਮ ਚੋਣਾਂ ਹਨ, ਜਿਸ ਕਾਰਨ ਪੂਰੀ ਦੁਨੀਆ ਦੀਆਂ ਨਜ਼ਰਾਂ ਇਨ੍ਹਾਂ ਚੋਣਾਂ ’ਤੇ ਟਿਕੀਆਂ ਹੋਈਆਂ ਹਨ।

ਦੇਸ਼ ਦੇ 299 ਹਲਕਿਆਂ ਵਿੱਚ ਵੋਟਾਂ ਪੈ ਰਹੀਆਂ ਹਨ ਅਤੇ ਇਸ ਵਾਰ ਮੁੱਖ ਮੁਕਾਬਲਾ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਅਤੇ ਜਮਾਤ-ਏ-ਇਸਲਾਮੀ ਵਿਚਾਲੇ ਮੰਨਿਆ ਜਾ ਰਿਹਾ ਹੈ। ਚੋਣ ਕਮਿਸ਼ਨ ਨੇ ਇਸ ਵਾਰ ਪਰਵਾਸੀ ਭਾਰਤੀਆਂ ਵਾਂਗ ਬੰਗਲਾਦੇਸ਼ੀ ਪਰਵਾਸੀਆਂ ਲਈ ਵੀ ਪਹਿਲੀ ਵਾਰ ਆਈ.ਟੀ. ਆਧਾਰਿਤ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਸਹੂਲਤ ਦਿੱਤੀ ਹੈ।

ਸੁਰੱਖਿਆ ਦੇ ਲਿਹਾਜ਼ ਨਾਲ ਇਹ ਚੋਣਾਂ ਇਤਿਹਾਸਕ ਹਨ, ਕਿਉਂਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਲਗਪਗ 10 ਲੱਖ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਸੱਤਾ ਦਾ ਤਬਾਦਲਾ ਜਮਹੂਰੀ ਤਰੀਕੇ ਨਾਲ ਹੋ ਸਕੇ। 45 ਦੇਸ਼ਾਂ ਦੇ ਨਿਗਰਾਨ ਇਸ ਚੋਣ ਪ੍ਰਕਿਰਿਆ ’ਤੇ ਨਜ਼ਰ ਰੱਖ ਰਹੇ ਹਨ, ਜਿਸ ਵਿੱਚ 12.7 ਕਰੋੜ ਵੋਟਰ ਆਪਣੇ ਭਵਿੱਖ ਦਾ ਫੈਸਲਾ ਕਰਨਗੇ।