AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਦਾਲਤ ਨੇ ਸੁਣਾਈ 4 ਸਾਲ ਦੀ ਸਜ਼ਾ , ਟੈਕਸੀ ਡਰਾਈਵਰ ਹੁੰਦੇ ਪੀੜਤਾ ਨਾਲ ਕੀਤੀ ਸੀ ਕੁੱਟਮਾਰ

AAP MLA Manjinder Singh Lalpura : ਖਡੂਰ ਸਾਹਿਬ ਤੋਂ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨ ਤਾਰਨ ਦੀ ਅਦਾਲਤ ਨੇ 12 ਸਾਲ ਪੁਰਾਣੇ ਉਸਮਾ ਕਾਂਡ ਮਾਮਲੇ ‘ਚ 4 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਮਨਜਿੰਦਰ ਸਿੰਘ ਲਾਲਪੁਰਾ ਸਮੇਤ 10 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ। ਜਿਸ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਸਮੇਤ 7 ਲੋਕਾਂ ਨੂੰ 4 ਸਾਲ ਸਜ਼ਾ ਅਤੇ ਜੁਰਮਾਨਾ ਲਗਾਇਆ ਗਿਆ ਹੈ ਅਤੇ ਤਿੰਨ ਦੋਸ਼ੀਆਂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਇਸ ਸਬੰਧੀ 10 ਸਤੰਬਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 10 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਮੁਲਜ਼ਮਾਂ ਵਿੱਚ 6 ਪੁਲੀਸ ਕਰਮੀ ਵੀ ਸ਼ਾਮਲ ਹਨ, ਪਰ ਇੱਕ ਪੁਲੀਸ ਕਰਮੀ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਚੁੱਕੀ ਹੈ। ਸੁਣਵਾਈ ਦੌਰਾਨ ਪੀੜਤ ਮਹਿਲਾ ਹਰਬਿੰਦਰ ਕੌਰ ਤੋਂ ਇਲਾਵਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਵੱਡੀ ਗਿਣਤੀ ਸਮਰਥਕ ਵੀ ਅਦਾਲਤ ਕੰਪਲੈਕਸ ਵਿਚ ਹਾਜ਼ਰ ਰਹੇ।
ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਕੁੱਲ 12 ਮੁਲਜ਼ਮਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ। ਇੱਕ ਮੁਲਜ਼ਮ ਪਹਿਲਾਂ ਤੋਂ ਹੀ ਐਨਡੀਪੀਐਸ ਐਕਟ ਤਹਿਤ ਜੇਲ੍ਹ ਵਿੱਚ ਬੰਦ ਹੈ, ਜਦਕਿ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵੱਲੋਂ ਮਨਜਿੰਦਰ ਸਿੰਘ ਲਾਲਪੁਰਾ ਸਣੇ 7 ਮੁਲਜ਼ਮਾਂ ਨੂੰ ਐਸ.ਸੀ./ਐਸ.ਟੀ. ਐਕਟ ਤਹਿਤ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜਿਆ ਗਿਆ ਸੀ, ਜਦਕਿ 3 ਹੋਰ ਮੁਲਜ਼ਮਾਂ ਨੂੰ ਦੋਸ਼ੀ ਤਾਂ ਕਰਾਰ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਸੀ।
ਦੱਸ ਦੇਈਏ ਕਿ ਹਰਬਿੰਦਰ ਕੌਰ ਪੁੱਤਰੀ ਕਸ਼ਮੀਰ ਸਿੰਘ ਵਾਸੀ ਪਿੰਡ ਉਸਮਾਂ 3 ਮਾਰਚ 2013 ਨੂੰ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਮਾਰਗ ’ਤੇ ਸਥਿਤ ਪੈਲੇਸ ਵਿਚ ਆਪਣੇ ਮਾਸੀ ਦੇ ਲੜਕੇ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਪਰਿਵਾਰ ਸਮੇਤ ਪੁੱਜੀ ਸੀ। ਜਿਥੇ ਮਨਜਿੰਦਰ ਸਿੰਘ ਲਾਲਪੁਰਾ ਟੈਕਸੀ ਡਰਾਈਵਰ ਸਮੇਤ ਬਾਕੀ ਡਰਾਈਵਰਾਂ ਵੱਲੋਂ ਕਥਿਤ ਤੌਰ ’ਤੇ ਉਸ ਨਾਲ ਛੇੜ ਛਾੜ ਅਤੇ ਕੁੱਟਮਾਰ ਕੀਤੀ। ਜਦੋਂਕਿ ਮੌਕੇ ਉੱਪਰ ਝਗੜ ਹਟਾਉਣ ਲਈ ਪੁੱਜੀ ਪੁਲਿਸ ਨੇ ਵੀ ਹਰਬਿੰਦਰ ਕੌਰ ਸਮੇਤ ਉਸਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ। ਉਸ ਅਤੇ ਉਸ ਦੇ ਪਰਿਵਾਰ ਵਿਰੁੱਧ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ।
ਉਧਰ ਪੀੜਤ ਲੜਕੀ ਨੇ ਅਦਾਲਤ ਦੇ ਫੈਸਲੇ ਤੋਂ ਤਸੱਲੀ ਪ੍ਰਗਟ ਕੀਤੀ ਹੈ ਅਤੇ ਮਾਨਯੋਗ ਅਦਾਲਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਨੂੰ 12 ਸਾਲ ਬਾਅਦ ਅੱਜ ਇਨਸਾਫ਼ ਮਿਲਿਆ ਹੈ। ਉਸਨੇ ਆਪਣੇ ਪਤੀ ਅਤੇ ਪਰਿਵਾਰ ਦਾ ਵੀ ਧੰਨਵਾਦ ਕੀਤਾ। ਉਸਨੇ ਕਿਹਾ ਕਿ ਪਰਿਵਾਰ ਇਸ ਸਮੇਂ ਦੌਰਾਨ ਉਸਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਪੀੜਤ ਹਰਬਰਿੰਦਰ ਕੌਰ ਉਸਮਾਂ ਨੇ ਆਦਲਤ ਵਲੋਂ ਨਿਆਂ ਦੇਣ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਬੀਤੇ 12 ਸਾਲਾਂ ਦੇ ਸਮੇਂ ਦੌਰਾਨ ਆਈ ਮਾਨਸਿਕ ਪਰੇਸ਼ਾਨੀ ਬਿਆਨ ਨਹੀਂ ਕਰ ਸਕਦੀ।