latest news World

ਟਰੰਪ ਵੱਲੋਂ ਭਾਰਤ-ਪਾਕਿ ਟਕਰਾਅ ਰੋਕਣ ਦਾ ਮੁੜ ਦਾਅਵਾ

ਟਰੰਪ ਵੱਲੋਂ ਭਾਰਤ-ਪਾਕਿ ਟਕਰਾਅ ਰੋਕਣ ਦਾ ਮੁੜ ਦਾਅਵਾ
  • PublishedFebruary 20, 2026

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਨੂੰ ਧਮਕੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਟਕਰਾਅ ਨਾ ਰੋਕਿਆ ਤਾਂ ਉਹ ਦੋਵਾਂ ‘ਤੇ 200 ਫੀਸਦੀ ਟੈਕਸ ਲਗਾ ਦੇਣਗੇ। ਉਨ੍ਹਾਂ ਨੇ ਇਸ ਦਾਅਵੇ ਨੂੰ ਮੁੜ ਦੁਹਰਾਇਆ ਕਿ ਉਨ੍ਹਾਂ ਨੇ ਦੋਵਾਂ ਪ੍ਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀ ਦੇਸ਼ਾਂ ਵਿਚਾਲੇ ਜੰਗ ਰੋਕੀ ਸੀ। 

ਵਾਸ਼ਿੰਗਟਨ ਵਿੱਚ ‘ਬੋਰਡ ਆਫ਼ ਪੀਸ’ ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਇਹ ਦਾਅਵਾ ਦੁਹਰਾਇਆ ਕਿ ਉਨ੍ਹਾਂ ਨੇ ਵ੍ਹਾਈਟ ਹਾਊਸ ਵਿੱਚ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਦੇ ਅੰਦਰ ਅੱਠ ਜੰਗਾਂ ਨੂੰ ਰੋਕਿਆ ਹੈ। ਭਾਰਤ ਨੇ ਲਗਾਤਾਰ ਕਿਸੇ ਵੀ ਤੀਜੀ ਧਿਰ ਦੀ ਦਖਲਅੰਦਾਜ਼ੀ ਤੋਂ ਇਨਕਾਰ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਟਰੰਪ ਦੀ ਅਗਵਾਈ ਵਾਲੀ ਸੰਸਥਾ ਵਿੱਚ ਸ਼ਾਮਲ ਹੋਣ ਵਾਲੇ ਹੋਰ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਇਸ ਸਮਾਗਮ ਵਿੱਚ ਹਿੱਸਾ ਲਿਆ। 

ਸਮਾਗਮ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਉਨ੍ਹਾਂ ਸੰਘਰਸ਼ਾਂ ਦੀ ਸੂਚੀ ਦਿੱਤੀ ਜਿਨ੍ਹਾਂ ਨੂੰ ਖਤਮ ਕਰਨ ਵਿੱਚ ਉਨ੍ਹਾਂ ਨੇ ਮਦਦ ਕੀਤੀ ਅਤੇ ਦੇਸ਼ਾਂ ਦੇ ਨਾਮ ਲੈਂਦੇ ਹੋਏ ਉਨ੍ਹਾਂ ਦੇ ਨੇਤਾਵਾਂ ਨੂੰ ਖੜ੍ਹੇ ਹੋਣ ਲਈ ਕਿਹਾ। ਟਰੰਪ ਨੇ ਸ਼ਰੀਫ ਨੂੰ ਖੜ੍ਹੇ ਹੋਣ ਲਈ ਕਿਹਾ ਅਤੇ ਫਿਰ ਕਿਹਾ,“ਮੈਂ ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਨਾਲ ਗੱਲ ਕੀਤੀ ਹੈ। ਉਹ ਉਤਸ਼ਾਹਿਤ ਹਨ। ਉਹ ਇਸ ਸਮੇਂ ਸਾਨੂੰ ਦੇਖ ਰਹੇ ਹਨ।” ਟਰੰਪ ਨੇ ਕਿਹਾ,“ਪਾਕਿਸਤਾਨ ਅਤੇ ਭਾਰਤ। ਇਹ ਇੱਕ ਵੱਡਾ ਮਾਮਲਾ ਸੀ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਅਸਲ ਵਿੱਚ ਖੜ੍ਹੇ ਹੋਣਾ ਚਾਹੀਦਾ ਹੈ,ਕਿਰਪਾ ਕਰਕੇ ਸਿਰਫ਼ ਇੱਕ ਸਕਿੰਟ ਲਈ ਖੜ੍ਹੇ ਹੋਵੋ। ਪਾਕਿਸਤਾਨ ਅਤੇ ਭਾਰਤ। ਤੁਹਾਡਾ ਬਹੁਤ-ਬਹੁਤ ਧੰਨਵਾਦ।”