Waqf (Amendment) Act 2025: ਸੁਪਰੀਮ ਕੋਰਟ ਵੱਲੋਂ ਪੂਰੇ ਵਕਫ਼ ਕਾਨੂੰਨ ’ਤੇ ਰੋਕ ਲਗਾਉਣ ਤੋਂ ਨਾਂਹ, ਕੁਝ ਵਿਵਸਥਾਵਾਂ ’ਤੇ ਰੋਕ ਲਾਈ

Waqf (Amendment) Act 2025: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਵਕਫ਼ ਕਾਨੂੰਨ ’ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਹੈ। ਸਿਖਰਲੀ ਕੋਰਟ ਨੇ ਕਿਹਾ ਕਿ ਇਸ ਦੇ ਪੱਖ ਵਿਚ ਸੰਵਿਧਾਨਕਤਾ ਦੀ ਧਾਰਨਾ ਹੈ। ਹਾਲਾਂਕਿ ਕੋਰਟ ਨੇ ਐਕਟ ਵਿਚਲੀਆਂ ਕੁਝ ਵਿਵਸਥਾਵਾਂ ਦੇ ਅਮਲ ’ਤੇ ਰੋਕ ਲਾ ਦਿੱਤੀ ਹੈ, ਜਿਸ ਵਿਚ ਉਹ ਵਿਵਸਥਾ ਵੀ ਸ਼ਾਮਲ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਸਿਰਫ਼ ਪਿਛਲੇ ਪੰਜ ਸਾਲਾਂ ਲਈ ਇਸਲਾਮ ਦੀ ਪਾਲਣ ਕਰ ਰਹੇ ਲੋਕ ਹੀ ਵਕਫ਼ ਬਣਾ ਸਕਦੇ ਹਨ।
ਅੰਤਰਿਮ ਹੁਕਮ ਸੁਣਾਉਂਦੇ ਹੋਏ ਚੀਫ ਜਸਟਿਸ ਬੀਆਰ ਗਵਈ ਤੇ ਜਸਟਿਸ ਅਗਸਟੀਨ ਜੌਰਜ ਮਸੀਹ ਦੇ ਬੈਂਚ ਨੇ ਕਿਹਾ, ‘‘ਅਸੀਂ ਹਰੇਕ ਧਾਰਾ ਨੂੰ ਦਿੱਤੀ ਗਈ ਚੁਣੌਤੀ ’ਤੇ ਪਹਿਲੀ ਨਜ਼ਰੇ ਵਿਚਾਰ ਕੀਤਾ ਤੇ ਇਸ ਦੌਰਾਨ ਪਾਇਆ ਕਿ ਪੂਰੇ ਕਾਨੂੰਨ ’ਤੇ ਰੋਕ ਲਗਾਉਣ ਦਾ ਕੋਈ ਮਾਮਲਾ ਨਹੀਂ ਬਣਦਾ।’’ ਹਾਲਾਂਕਿ, ਸੁਪਰੀਮ ਕੋਰਟ ਨੇ ਉਸ ਵਿਵਸਥਾ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਸਿਰਫ ਪਿਛਲੇ ਪੰਜ ਸਾਲਾਂ ਤੋਂ ਇਸਲਾਮ ਦਾ ਅਭਿਆਸ ਕਰਨ ਵਾਲੇ ਵਿਅਕਤੀ ਹੀ ਵਕਫ਼ ਬਣਾ ਸਕਦੇ ਹਨ। ਇਸ ਨੇ ਉਸ ਵਿਵਸਥਾ ਨੂੰ ਵੀ ਰੱਦ ਕਰ ਦਿੱਤਾ ਜੋ ਸਰਕਾਰ ਵੱਲੋਂ ਨਾਮਜ਼ਦ ਅਧਿਕਾਰੀ ਨੂੰ ਇਹ ਫੈਸਲਾ ਕਰਨ ਦਾ ਅਧਿਕਾਰ ਦਿੰਦੀ ਸੀ ਕਿ ਕੀ ਵਕਫ਼ ਜਾਇਦਾਦ ਅਸਲ ਵਿੱਚ ਸਰਕਾਰੀ ਜਾਇਦਾਦ ’ਤੇ ਕਬਜ਼ਾ ਹੈ।