ਵੜਿੰਗ ਪਾਰਟੀ ਨੂੰ ਤਬਾਹ ਕਰ ਰਿਹੈ…ਮੈਂ ਤੇ ਮੇਰਾ ਪਤੀ ਹਮੇਸ਼ਾਂ ਕਾਂਗਰਸ ਪਾਰਟੀ ਨਾਲ ਖੜ੍ਹਾਂਗੇ: ਨਵਜੋਤ ਕੌਰ ਸਿੱਧੂ
‘ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ’ ਵਾਲੀ ਆਪਣੀ ਟਿੱਪਣੀ ਲਈ ਕਾਂਗਰਸ ’ਚੋਂ ਮੁਅੱਤਲ ਸਾਬਕਾ ਮੰਤਰੀ ਨਵਜੋਤ ਕੌਰ ਸਿੱਧੂ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਤੇ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ‘ਹਮੇਸ਼ਾ ਪਾਰਟੀ ਨਾਲ ਖੜਨਗੇ’। ਕੌਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉੱਤੇ ਪਾਰਟੀ ਨੂੰ ‘ਤਬਾਹ’ ਕਰਨ ਦਾ ਦੋਸ਼ ਲਾਇਆ। ਕੌਰ ਨੂੰ ਲੰਘੇ ਦਿਨੀਂ ਆਪਣੀ ਉਪਰੋਕਤ ਟਿੱਪਣੀ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਕੌਰ ਨੇ ਬੁੱਧਵਾਰ ਨੂੰ ਐਕਸ ’ਤੇ ਲੜੀਵਾਰ ਪੋਸਟਾਂ ਵਿਚ ਕਿਹਾ, ‘‘ਅਸੀਂ ਹਮੇਸ਼ਾ ਕਾਂਗਰਸ ਦੇ ਨਾਲ ਹਾਂ ਅਤੇ ਰਹਾਂਗੇ ਅਤੇ ਆਪਣਾ ਪੰਜਾਬ ਰਾਜ ਜਿੱਤਾਂਗੇ ਅਤੇ ਇਸ ਨੂੰ ਆਪਣੇ ਨਿਮਰ, ਪਿਆਰ ਕਰਨ ਵਾਲੇ ਅਤੇ ਕੁਰਬਾਨੀ ਦੇਣ ਵਾਲੇ ਗਾਂਧੀ ਪਰਿਵਾਰ ਨੂੰ ਭੇਟ ਕਰਾਂਗੇ।’’
ਕੌਰ ਨੇ ਵੜਿੰਗ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ 70 ‘ਕੁਸ਼ਲ, ਇਮਾਨਦਾਰ ਅਤੇ ਵਫ਼ਾਦਾਰ’ ਨੇਤਾ’, ਜਿਨ੍ਹਾਂ ਨੂੰ ਤੁਸੀਂ ਕਾਂਗਰਸ ਪਾਰਟੀ ਤੋਂ ਵੱਖ ਕਰ ਦਿੱਤਾ ਹੈ ਅਤੇ ਜੋ ਉਮੀਦਵਾਰ ਵਜੋਂ ਪਾਰਟੀ ਦੀ ਟਿਕਟ ’ਤੇ ਜਿੱਤਣ ਦੇ ਸਮਰੱਥ ਹਨ, ਉਨ੍ਹਾਂ ਦੇ ਸੰਪਰਕ ਵਿੱਚ ਹਨ।’’ ਕੌਰ ਨੇ ਐਕਸ ’ਤੇ ਇਕ ਪੋਸਟ ਵਿਚ ਦੋਸ਼ ਲਾਇਆ, ‘‘ਕਾਂਗਰਸ ਪੰਜਾਬ ਜਿੱਤੇਗੀ, ਭਾਵੇਂ ਕਿ ਤੁਹਾਡਾ ਸਾਰਾ ਧਿਆਨ ਸਾਡੀਆਂ 70 ਫੀਸਦ ਸੀਟਾਂ ਖ਼ਤਮ ਕਰਨ ਵੱਲ ਹੈ, ਜਿੱਥੇ ਤੁਸੀਂ ਪਹਿਲਾਂ ਬੇਅਸਰ ਲੋਕਾਂ ਨੂੰ ਡਮੀ ਟਿਕਟਾਂ ਦੇ ਚੁੱਕੇ ਹੋ।’’