Entertainment latest news

ਮੌਤ ਤੋਂ ਪਹਿਲਾਂ ਨਸ਼ੇ ਵਿਚ ਸੀ ਗਾਇਕ ਜ਼ੁਬੀਨ ਗਰਗ, ਲਾਈਫ ਜੈਕੇਟ ਤੋਂ ਵੀ ਕੀਤਾ ਇਨਕਾਰ

ਮੌਤ ਤੋਂ ਪਹਿਲਾਂ ਨਸ਼ੇ ਵਿਚ ਸੀ ਗਾਇਕ ਜ਼ੁਬੀਨ ਗਰਗ, ਲਾਈਫ ਜੈਕੇਟ ਤੋਂ ਵੀ ਕੀਤਾ ਇਨਕਾਰ
  • PublishedJanuary 14, 2026

ਭਾਰਤੀ ਗਾਇਕ ਤੇ ਗੀਤਕਾਰ ਜ਼ੁਬੀਨ ਗਰਗ ਪਿਛਲੇ ਸਾਲ ਸਤੰਬਰ ਵਿਚ ਸਿੰਗਾਪੁਰ ਦੀ ਆਪਣੀ ਫੇਰੀ ਦੌਰਾਨ ‘ਬਹੁਤ ਜ਼ਿਆਦਾ ਨਸ਼ੇ ਵਿੱਚ’ ਸੀ ਅਤੇ ਲਾਈਫ ਜੈਕੇਟ ਨਾ ਪਾਉਣ ਕਰਕੇ ਲਾਜ਼ਾਰਸ ਟਾਪੂ ’ਤੇ ਡੁੱਬਣ ਕਰਕੇ ਉਸ ਦੀ ਮੌਤ ਹੋ ਗਈ ਸੀ। ਇਹ ਦਾਅਵਾ ਸਿੰਗਾਪੁਰ ਦੀ ਇਕ ਕੋਰਟ ਵਿਚ ਕੀਤਾ ਗਿਆ ਹੈ। ਗਰਗ (52) ਪਿਛਲੇ ਸਾਲ 19 ਸਤੰਬਰ ਨੂੰ ਇੱਕ Yacht ਪਾਰਟੀ ਨਾਲ ਸੀ। ਗਰਗ ਨੇ ਸਿੰਗਾਪੁਰ ਵਿੱਚ ਨੌਰਥ ਈਸਟ ਇੰਡੀਆ ਫੈਸਟੀਵਲ ਵਿੱਚ ਪੇਸ਼ਕਾਰੀ ਦੇਣੀ ਸੀ, ਪਰ ਇਕ ਦਿਨ ਪਹਿਲਾਂ ਉਸ ਦੀ ਡੁੱਬਣ ਕਰਕੇ ਮੌਤ ਹੋ ਗਈ।

ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਅਨੁਸਾਰ ਮੁੱਖ ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਗਾਇਕ ਨੇ ਸ਼ੁਰੂ ਵਿੱਚ ਇੱਕ ਲਾਈਫ ਜੈਕੇਟ ਪਹਿਨੀ ਸੀ ਜੋ ਮਗਰੋਂ ਉਤਾਰ ਦਿੱਤੀ। ਉਪਰੰਤ ਉਸ ਨੂੰ ਦੂਜੀ ਜੈਕੇਟ ਦਿੱਤੀ ਗਈ, ਜੋ ਗਰਗ ਨੇ ਪਾਉਣ ਤੋਂ ਇਨਕਾਰ ਕਰ ਦਿੱਤਾ। ਚੈਨਲ ਨੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਗਰਗ ਉਦੋਂ ਬਹੁਤ ਜ਼ਿਆਦਾ ਨਸ਼ੇ ਵਿੱਚ ਸੀ ਅਤੇ ਕਈ ਗਵਾਹਾਂ ਨੇ ਉਸ ਨੂੰ ਕਿਸ਼ਤੀ ਵੱਲ ਵਾਪਸ ਤੈਰਨ ਦੀ ਕੋਸ਼ਿਸ਼ ਕਰਦੇ ਦੇਖਿਆ।

ਗਰਗ ਨੂੰ ਫੌਰੀ Yacht ’ਤੇ ਵਾਪਸ ਲਿਆਂਦਾ ਗਿਆ ਅਤੇ ਉਸ ਨੂੰ ਕਾਰਡੀਓਪਲਮੋਨਰੀ ਰੀਸਸੀਟੇਸ਼ਨ (ਸੀਪੀਆਰ) ਦਿੱਤਾ ਗਿਆ, ਪਰ ਉਸੇ ਦਿਨ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਦਾਲਤ ਨੂੰ ਦੱਸਿਆ ਗਿਆ ਕਿ ਗਾਇਕ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਮਿਰਗੀ ਦੀ ਸ਼ਿਕਾਇਤ ਸੀ। ਉਸ ਨੂੰ ਆਖਰੀ ਵਾਰੀ 2024 ਵਿਚ ਮਿਰਗੀ ਦਾ ਦੌਰਾ ਪਿਆ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕੀ ਉਸ ਨੇ ਘਟਨਾ ਵਾਲੇ ਦਿਨ ਮਿਰਗੀ ਲਈ ਆਪਣੀ ਨਿਯਮਤ ਦਵਾਈ ਲਈ ਸੀ। ਚੈਨਲ ਦੀ ਰਿਪੋਰਟ ਅਨੁਸਾਰ ਸਿੰਗਾਪੁਰ ਪੁਲੀਸ ਨੂੰ ਉਸ ਦੀ ਮੌਤ ਵਿੱਚ ਕਿਸੇ ਗੜਬੜੀ ਦਾ ਸ਼ੱਕ ਨਹੀਂ ਹੈ।