ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ’ਚੋਂ ਮਿਲੀ ਛੁੱਟੀ, ਭਲਕੇ ਕਰਨਗੇ ਬੈਠਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਸ਼ਾਮ ਵੇਲੇ ਹਸਪਤਾਲ ਤੋਂ ਛੁੱਟੀ ਮਿਲ ਗਈ। ਉਹ ਸਾਢੇ ਚਾਰ ਵਜੇ ਹਸਪਤਾਲ ਵਿੱਚੋਂ ਘਰ ਲਈ ਰਵਾਨਾ ਹੋਏ। ਮੁੱਖ ਮੰਤਰੀ ਭਗਵੰਤ ਮਾਨ ਪੱਤਰਕਾਰਾਂ ਨਾਲ ਕੋਈ ਗੱਲ ਕੀਤੇ ਬਿਨਾਂ ਗੱਡੀ ਵਿੱਚ ਬੈਠਿਆਂ ਹੀ ਸਿਰਫ ਹੱਥ ਜੋੜ ਕੇ ਫਤਿਹ ਬੁਲਾ ਰਵਾਨਾ ਹੋਏ।
ਉਹ 5 ਸਤੰਬਰ ਦੀ ਰਾਤ ਤੋਂ ਮੁਹਾਲੀ ਦੇ ਫੇਜ਼ ਅੱਠ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਪੰਜ ਦਿਨਾਂ ਤੋਂ ਬੁਖ਼ਾਰ ਅਤੇ ਇਨਫ਼ੈਕਸ਼ਨ ਤੋਂ ਪੀੜਤ ਸਨ। ਉਨ੍ਹਾਂ ਦਾ ਪਹਿਲੇ ਦੋ ਦਿਨ ਮੁੱਖ ਮੰਤਰੀ ਰਿਹਾਇਸ਼ ਉੱਤੇ ਹੀ ਇਲਾਜ ਕੀਤਾ ਗਿਆ ਪਰ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਲਿਆਂਦਾ ਗਿਆ।