ਭਾਰਤ ਤੋਂ 25 ਫੀਸਦੀ ਟੈਕਸ ਹਟਾ ਸਕਦਾ ਹੈ ਅਮਰੀਕਾ: ਬੇਸੈਂਟ
ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ ਕਿ ਡੋਨਲਡ ਟਰੰਪ ਸਰਕਾਰ ਭਾਰਤ ’ਤੇ ਲਾਏ ਗਏ 50 ਫੀਸਦੀ ਟੈਕਸ ਵਿਚੋਂ ਅੱਧਾ ਟੈਕਸ ਹਟਾਉਣ ’ਤੇ ਵਿਚਾਰ ਕਰ ਰਹੀ ਹੈ ਤੇ ਇਹ ਵਾਧੂ ਟੈਕਸ ਹਟਾਇਆ ਜਾ ਸਕਦਾ ਹੈ। ਉਨ੍ਹਾਂ ਅਮਰੀਕੀ ਮੀਡੀਆ ਵੈਬਸਾਈਟ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਭਾਰਤ ਨੇ ਰੂਸ ਤੋਂ ਕੱਚਾ ਤੇਲ ਖਰੀਦਣਾ ਕਾਫੀ ਘੱਟ ਕਰ ਦਿੱਤਾ ਹੈ, ਇਸ ਕਰ ਕੇ ਟੈਰਿਫ ਵਿਚ ਰਾਹਤ ਦੇਣ ਦੇ ਹਾਲਾਤ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ’ਤੇ ਲਾਇਆ ਗਿਆ ਟੈਕਸ ਕਾਫੀ ਅਸਰਦਾਰ ਰਿਹਾ ਹੈ ਤੇ ਇਸ ਕਾਰਨ ਰੂਸ ਤੇਲ ਦੀ ਖਰੀਦ ਵੀ ਘਟ ਗਈ ਹੈ ਤੇ ਹੁਣ ਇਸ ਨੂੰ ਹਟਾਉਣ ਦੀ ਯੋਜਨਾ ਹੈ। ਅਮਰੀਕਾ ਨੇ ਪਹਿਲੀ ਵਾਰ ਪਿਛਲੇ ਸਾਲ ਅਗਸਤ ਵਿਚ ਭਾਰਤ ’ਤੇ ਟੈਕਸ ਲਾਇਆ ਸੀ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ’ਤੇ 50 ਫ਼ੀਸਦ ਟੈਰਿਫ ਲਗਾਇਆ ਹੈ ਜਿਸ ’ਚ ਰੂਸੀ ਤੇਲ ਖ਼ਰੀਦਣ ਕਰਕੇ 25 ਫ਼ੀਸਦ ਟੈਰਿਫ ਵੀ ਸ਼ਾਮਲ ਹੈ। ਉਨ੍ਹਾਂ ਨੇ ਭਾਰਤ ’ਤੇ ਟੈਰਿਫ ਨਾ ਲਗਾਉਣ ਲਈ ਯੂਰੋਪ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਯੂਰੋਪੀਅਨ ਸਹਿਯੋਗੀਆਂ ਨੇ ਟੈਰਿਫ ਲਗਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਭਾਰਤ ਨਾਲ ਵੱਡੇ ਪੱਧਰ ’ਤੇ ਵਪਾਰਕ ਸਮਝੌਤੇ ’ਤੇ ਦਸਤਖਤ ਕਰਨਾ ਚਾਹੁੰਦੇ ਹਨ। ਦੱਸਣਾ ਬਣਦਾ ਹੈ ਕਿ ਇਹ ਟੈਕਸ ਲਾਉਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਖਟਾਸ ਆ ਗਈ ਸੀ।