ਬੰਗਲਾਦੇਸ਼ ਹਾਈ ਕਮਿਸ਼ਨ ਵਲੋਂ ਭਾਰਤ ਵਿਚ ਵੀਜ਼ਾ ਸੇਵਾਵਾਂ ਮੁਅੱਤਲ
ਬੰਗਲਾਦੇਸ਼ ਨੇ ਦੋਵਾਂ ਦੇਸ਼ਾਂ ਵਿਚਕਾਰ ਵਧਦੇ ਤਣਾਅ ਦਰਮਿਆਨ ਭਾਰਤ ਵਿਚ ਵੀਜ਼ਾ ਸੇਵਾਵਾਂ ਰੋਕ ਦਿੱਤੀਆਂ ਹਨ। ਬੰਗਲਾਦੇਸ਼ ਹਾਈ ਕਮਿਸ਼ਨ ਨੇ ਭਾਰਤ ਵਿਚ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਸਾਰੀਆਂ ਵੀਜ਼ਾ ਸੇਵਾਵਾਂ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਅਗਰਤਲਾ ਵਿਚ ਬੰਗਲਾਦੇਸ਼ ਕਾਊਂਸਲੇਟ ਵੀ ਵੀਜ਼ਾ ਸਰਵਿਸ ’ਤੇ ਰੋਕ ਲਾ ਚੁੱਕਿਆ ਹੈ।
ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਵੱਲੋਂ ਦੋਵਾਂ ਮਿਸ਼ਨਾਂ ਦੇ ਬਾਹਰ ਪ੍ਰਦਰਸ਼ਨ ਕਰਨ ਤੋਂ ਬਾਅਦ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ। ਨਵੀਂ ਦਿੱਲੀ ਵਿੱਚ ਬੰਗਲਾਦੇਸ਼ ਹਾਈ ਕਮਿਸ਼ਨ ਨੇ ਇੱਕ ਜਨਤਕ ਨੋਟਿਸ ਜਾਰੀ ਕੀਤਾ ਜਿਸ ਵਿੱਚ ਨਾ ਟਾਲਣ ਵਾਲੇ ਹਾਲਾਤ ਦੇ ਮੱਦੇਨਜ਼ਰ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਜ਼ਿਕਰ ਕੀਤਾ ਗਿਆ ਹੈ। ਤ੍ਰਿਪੁਰਾ ਵਿੱਚ ਬੰਗਲਾਦੇਸ਼ ਦੇ ਸਹਾਇਕ ਹਾਈ ਕਮਿਸ਼ਨ ਨੇ ਵੀ ਐਤਵਾਰ ਨੂੰ ਮਿਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨ ਬਾਰੇ ਅਜਿਹਾ ਹੀ ਐਲਾਨ ਕੀਤਾ ਸੀ। ਪਤਾ ਲੱਗਾ ਹੈ ਕਿ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਕਰਨ ਲਈ ਢਾਕਾ ਦੇ ਇੱਕ ਨਿੱਜੀ ਅਪਰੇਟਰ ਨੇ ਵੀ ਆਪਣੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਪਿਛਲੇ ਹਫ਼ਤੇ ਵਿਦਿਆਰਥੀ ਆਗੂ ਸ਼ਰੀਫ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਬੰਗਲਾਦੇਸ਼ ਵਿੱਚ ਪ੍ਰਦਰਸ਼ਨ ਸ਼ੁਰੂ ਹੋਏ ਸਨ। ਹਾਦੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਮੋਹਰੀ ਸੀ ਜਿਸ ਕਾਰਨ ਸ਼ੇਖ ਹਸੀਨਾ ਸਰਕਾਰ ਟਿਕ ਨਾ ਸਕੀ। ਪਿਛਲੇ ਹਫ਼ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਭਾਰਤ ਵਿਰੁੱਧ ਵੀ ਆਪਣਾ ਗੁੱਸਾ ਪ੍ਰਗਟਾਇਆ ਸੀ।