latest news World

ਬੰਗਲਾਦੇਸ਼ ਵਿੱਚ ਹਿੰਦੂ ਵਪਾਰੀ ਦਾ ਕਤਲ

ਬੰਗਲਾਦੇਸ਼ ਵਿੱਚ ਹਿੰਦੂ ਵਪਾਰੀ ਦਾ ਕਤਲ
  • PublishedFebruary 11, 2026

ਬੰਗਲਾਦੇਸ਼ ਦੇ ਨਰਸਿੰਗਦੀ ਸ਼ਹਿਰ ਵਿੱਚ ਅਣਪਛਾਤੇ ਹਮਲਾਵਰਾਂ ਨੇ 40 ਸਾਲਾ ਹਿੰਦੂ ਕਰਿਆਨਾ ਸਟੋਰ ਮਾਲਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਸਥਾਨਕ ਮੀਡੀਆ ਅਨੁਸਾਰ ਮ੍ਰਿਤਕ ਦੀ ਪਛਾਣ ਮਨੀ ਚੱਕਰਵਰਤੀ ਵਜੋਂ ਹੋਈ ਹੈ। ਇਸ ਤੋਂ ਕੁੱਝ ਘੰਟੇ ਪਹਿਲਾਂ ਬੰਗਲਾਦੇਸ਼ ਦੇ ਜੇਸੋਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਇੱਕ ਹਿੰਦੂ ਵਪਾਰੀ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ। ਉਹ ਅਖ਼ਬਾਰ ਦਾ ਕਾਰਜਕਾਰੀ ਸੰਪਾਦਕ ਵੀ ਸੀ। ਬੀ ਡੀ ਨਿਊਜ਼ 24 ਨਿਊਜ਼ ਪੋਰਟਲ ਮੁਤਾਬਕ ਪਲਾਸ਼ ਉਪ ਜ਼ਿਲ੍ਹੇ ਦੇ ਚਾਰਸਿੰਧੂਰ ਬਾਜ਼ਾਰ ਵਿੱਚ ਦੁਕਾਨਦਾਰ ਮਨੀ ਚੱਕਰਵਰਤੀ ਦੀ ਸੋਮਵਾਰ ਰਾਤ ਲਗਪਗ 11 ਵਜੇ ਹੱਤਿਆ ਕਰ ਦਿੱਤੀ ਗਈ।

ਪਲਾਸ਼ ਥਾਣਾ ਮੁਖੀ ਸ਼ਾਹਿਦ ਅਲ ਮਾਮੂਨ ਨੇ ਕਿਹਾ ਕਿ ਮਨੀ ਸ਼ਿਬਪੁਰ ਉਪ ਜ਼ਿਲ੍ਹੇ ਦੇ ਸਾਧਰਚਾਰ ਯੂਨੀਅਨ ਨਿਵਾਸੀ ਮਦਨ ਠਾਕੁਰ ਦਾ ਪੁੱਤਰ ਸੀ। ਮਨੀ ਦੀ ਚਾਰਸਿੰਧੂਰ ਬਾਜ਼ਾਰ ਵਿੱਚ ਕਰਿਆਨੇ ਦੀ ਦੁਕਾਨ ਸੀ। ਉਹ ਹਾਲ ਹੀ ਦੇ ਹਫ਼ਤਿਆਂ ਵਿੱਚ ਮਾਰਿਆ ਗਿਆ ਤੀਜਾ ਹਿੰਦੂ ਵਪਾਰੀ ਹੈ। ਪੁਲੀਸ ਅਤੇ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਮਨੀ ਸੋਮਵਾਰ ਰਾਤ ਆਪਣੀ ਦੁਕਾਨ ਬੰਦ ਕਰ ਕੇ ਘਰ ਪਰਤ ਰਿਹਾ ਸੀ ਤਾਂ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਥਾਨਕ ਲੋਕ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।