ਬੰਗਲਾਦੇਸ਼ ’ਚ ਇੱਕ ਹੋਰ ਹਿੰਦੂ ਸ਼ਖ਼ਸ ਦਾ ਕਤਲ; ਸਾਥੀ ਨੇ ਹੀ ਮਾਰੀ ਗੋਲੀ
ਬੰਗਲਾਦੇਸ਼ ਦੇ ਮੈਮਨਸਿੰਘ ਜ਼ਿਲ੍ਹੇ ਵਿੱਚ ਇੱਕ ਬੇਹੱਦ ਹੈਰਾਨੀਜਨਕ ਅਤੇ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਹਿੰਦੂ ਅੰਸਾਰ ਮੈਂਬਰ, ਬਜੇਂਦਰ ਬਿਸਵਾਸ (40), ਦਾ ਉਸ ਦੇ ਹੀ ਸਾਥੀ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਹ ਘਟਨਾ ਸੋਮਵਾਰ ਸ਼ਾਮ ਕਰੀਬ 6:30 ਵਜੇ ਇੱਕ ਸਵੈਟਰ ਫੈਕਟਰੀ ਵਿੱਚ ਵਾਪਰੀ। ਬੰਗਲਾਦੇਸ਼ ਹਿੰਦੂ ਬੋਧ ਈਸਾਈ ਏਕਤਾ ਕੌਂਸਲ ਦੇ ਕਾਰਜਕਾਰੀ ਸਕੱਤਰ ਜਨਰਲ ਮਨਿੰਦਰ ਨਾਥ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ਬਜੇਂਦਰ ਬਿਸਵਾਸ ਸਿਲਹਟ ਜ਼ਿਲ੍ਹੇ ਦਾ ਰਹਿਣ ਵਾਲਾ ਸੀ।
ਚਸ਼ਮਦੀਦਾਂ ਮੁਤਾਬਕ, ਮੁਲਜ਼ਮ ਅੰਸਾਰ ਮੈਂਬਰ ਨੋਮਨ ਮਿਆ ਅਤੇ ਬਜੇਂਦਰ ਇਕੱਠੇ ਬੈਠੇ ਸਨ, ਜਦੋਂ ਨੋਮਨ ਨੇ ਅਚਾਨਕ ਆਪਣੀ ਸ਼ਾਟਗਨ ਬਜੇਂਦਰ ਦੀ ਪੱਟ ’ਤੇ ਰੱਖ ਕੇ ਕਿਹਾ, “ਕੀ ਮੈਂ ਗੋਲੀ ਚਲਾਵਾਂ?” ਅਤੇ ਫ਼ਾਇਰ ਕਰ ਦਿੱਤਾ।
ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੋਮਨ ਮਿਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਘਟਨਾ ਤੋਂ ਪਹਿਲਾਂ ਦੋਵਾਂ ਵਿਚਾਲੇ ਕਿਸੇ ਵਿਵਾਦ ਦੀ ਗੱਲ ਸਾਹਮਣੇ ਨਹੀਂ ਆਈ ਹੈ, ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।