ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਮੋਦੀ ਨੇ ਕਿਹਾ ਕਿ ਸਿੰਧੂ ਜਲ ਸੰਧੀ ‘ਅਨਿਆਂਪੂਰਨ ਅਤੇ ਇੱਕ ਪਾਸੜ’ ਹੈ

ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਦੀ ਫਸੀਲ ਤੋਂ ਆਪਣੇ ਸੰਬੋਧਨ ਵਿੱਚ ਮੋਦੀ ਨੇ ਕਿਹਾ ਕਿ ਸਿੰਧੂ ਜਲ ਸੰਧੀ ‘ਅਨਿਆਂਪੂਰਨ ਅਤੇ ਇੱਕ ਪਾਸੜ’ ਹੈ ਜਿਸ ਨੂੰ ਭਾਰਤ ਸਵੀਕਾਰ ਨਹੀਂ ਕਰਦਾ। ਉਨ੍ਹਾਂ ਕਿਹਾ, ‘‘ਅੱਜ ਮੈਨੂੰ ਬਹੁਤ ਮਾਣ ਹੈ ਕਿ ਮੈਨੂੰ ਆਪ੍ਰੇਸ਼ਨ ਸਿੰਧੂਰ ਦੇ ਬਹਾਦਰ ਸੈਨਿਕਾਂ ਨੂੰ ਸਲਾਮ ਕਰਨ ਦਾ ਮੌਕਾ ਮਿਲਿਆ ਹੈ। ਸਾਡੇ ਬਹਾਦਰ ਸੈਨਿਕਾਂ ਨੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ।’’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਸਰਹੱਦ ਪਾਰ ਤੋਂ ਅਤਿਵਾਦੀਆਂ ਨੇ ਪਹਿਲਗਾਮ ਵਿੱਚ ਲੋਕਾਂ ਦਾ ਕਤਲੇਆਮ ਕੀਤਾ, ਉਸ ਨਾਲ ਪੂਰਾ ਭਾਰਤ ਗੁੱਸੇ ਨਾਲ ਭਰ ਗਿਆ ਅਤੇ ਪੂਰੀ ਦੁਨੀਆ ਵੀ ਹੈਰਾਨ ਰਹਿ ਗਈ। ਉਨ੍ਹਾਂ ਕਿਹਾ, ‘‘ਆਪ੍ਰੇਸ਼ਨ ਸਿੰਧੂਰ ਉਸ ਗੁੱਸੇ ਦਾ ਪ੍ਰਗਟਾਵਾ ਹੈ।’’ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਨੇ ਪਾਕਿਸਤਾਨ ਵਿੱਚ ਇੰਨੀ ਤਬਾਹੀ ਮਚਾਈ ਹੈ ਕਿ ਗੁਆਂਂਢੀ ਮੁਲਕ ਦੀ ਨੀਂਦ ਉੱਡ ਗਈ ਹੈ ਅਤੇ ਜੇਕਰ ਦੁਸ਼ਮਣ ਭਵਿੱਖ ਵਿੱਚ ਅਜਿਹੀ ਹਿਮਾਕਤ ਕਰਦਾ ਹੈ, ਤਾਂ ਢੁਕਵਾਂ ਜਵਾਬ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਭਾਰਤ ਹੁਣ ‘ਪ੍ਰਮਾਣੂ ਬਲੈਕਮੇਲ’ ਬਰਦਾਸ਼ਤ ਨਹੀਂ ਕਰੇਗਾ।