ਦਿੱਲੀ ’ਚ ਪ੍ਰਦੂਸ਼ਣ ਕਾਰਨ ਆਨਲਾਈਨ ਸਕੂਲ ਲਾਉਣ ਦੇ ਹੁਕਮ; ਏ ਕਿਊ ਆਈ 500 ਦੇ ਨੇੜੇ ਪੁੱਜਿਆ
ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਗੰਭੀਰ ਹਾਲਤ ਵਿਚ ਪੁੱਜ ਗਿਆ ਹੈ ਜਿਸ ਕਾਰਨ ਦਿੱਲੀ ਸਰਕਾਰ ਨੇ ਸਕੂਲਾਂ ਨੂੰ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਮੋਡ ਤੋਂ ਆਨਲਾਈਨ ਮੋਡ ਵਿੱਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸਣਾ ਬਣਦਾ ਹੈ ਕਿ ਹਾਈਬ੍ਰਿਡ ਮੋਡ ਅਨੁਸਾਰ ਸਕੂਲਾਂ ਦੀ ਮਰਜ਼ੀ ਹੁੰਦੀ ਹੈ, ਉਹ ਵਿਦਿਆਰਥੀਆਂ ਨੂੰ ਆਨਲਾਈਨ ਵੀ ਪੜ੍ਹਾ ਸਕਦੇ ਹਨ ਤੇ ਲੋੜ ਪੈਣ ’ਤੇ ਵਿਦਿਆਰਥੀਆਂ ਨੂੰ ਸਕੂਲ ਵੀ ਸੱਦ ਸਕਦੇ ਹਨ।
ਦਿੱਲੀ ਵਿਚ ਪਿਛਲੇ ਹਫਤੇ ਤੋਂ ਪ੍ਰਦੂਸ਼ਣ ਵਧ ਰਿਹਾ ਹੈ ਤੇ ਇੱਥੇ ਧੂੰਏਂ ਦੀ ਸੰੰਘਣੀ ਚਾਦਰ ਛਾਈ ਰਹਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਰਹੀਆਂ ਹਨ। ਇਕ ਰਿਪੋਰਟ ਅਨੁਸਾਰ ਹਸਪਤਾਲਾਂ ਵਿਚ ਸਾਹ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਵਧ ਗਈਆਂ ਹੈ। ਇਸ ਤੋਂ ਇਲਾਵਾਂ ਪ੍ਰਦੂਸ਼ਣ ਕਾਰਨ ਲੋਕਾਂ ਦੇ ਪਾਲਤੂ ਜਾਨਵਰਾਂ ਨੂੰ ਵੀ ਕਈ ਸਮੱਸਿਆਵਾਂ ਆ ਰਹੀਆਂ ਹਨ।
ਕੌਮੀ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਬਹੁਤ ਵੱਧ ਗਿਆ ਹੈ। ਇੱਥੇ ਏ ਕਿਊ ਆਈ 498 ਦਰਜ ਕੀਤਾ ਗਿਆ ਹੈ ਜੋ ਗੰਭੀਰ ਸ਼੍ਰੇਣੀ ਵਿੱਚ ਆਉਂਦਾ ਹੈ। ਦਿੱਲੀ ਵਿੱਚ 38 ਨਿਗਰਾਨੀ ਕੇਂਦਰਾਂ ’ਤੇ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਜਹਾਂਗੀਰਪੁਰੀ ਵਿੱਚ 498 ਦਾ ਏ ਕਿਊ ਆਈ ਦਰਜ ਕੀਤਾ ਗਿਆ। ਵਜ਼ੀਰਪੁਰ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨ ਨੇ ਦਿਨ ਦੌਰਾਨ ਵੱਧ ਤੋਂ ਵੱਧ ਏ ਕਿਊ ਆਈ 500 ਦਰਜ ਕੀਤਾ। ਕੌਮੀ ਰਾਜਧਾਨੀ ਵਿਚ ਅੱਜ ਵੀ ਸੰਘਣੀ ਧੁੰਦ ਰਹੀ ਤੇ ਇੱਥੇ ਸੰਘਣੀ ਧੁੰਦ ਲਈ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ਤੋ ਇਲਾਵਾ ਇਸ ਦੇ ਨਾਲ ਦੇ ਖੇਤਰਾਂ ਵਿਚ ਵੀ ਏ ਕਿਊ ਆਈ ਸਾਢੇ ਚਾਰ ਸੌ ਤੋਂ ਉਤੇ ਦਰਜ ਕੀਤਾ ਗਿਆ।