ਦਿੱਲੀ ’ਚ ਧਾਰਮਿਕ ਸਥਾਨਾਂ ’ਤੇ ਅਤਿਵਾਦੀ ਹਮਲੇ ਦਾ ਅਲਰਟ: ਲਾਲ ਕਿਲ੍ਹੇ ਤੇ ਚਾਂਦਨੀ ਚੌਕ ਨੇੜੇ ਸੁਰੱਖਿਆ ਸਖ਼ਤ
ਕੇਂਦਰੀ ਖੁਫ਼ੀਆ ਏਜੰਸੀਆਂ ਵੱਲੋਂ ਦਿੱਲੀ ਵਿੱਚ ਅਤਿਵਾਦੀ ਹਮਲੇ ਦੇ ਖਦਸ਼ੇ ਦੇ ਮੱਦੇਨਜ਼ਰ ਲਾਲ ਕਿਲ੍ਹੇ ਅਤੇ ਚਾਂਦਨੀ ਚੌਕ ਸਮੇਤ ਕਈ ਇਤਿਹਾਸਕ ਤੇ ਧਾਰਮਿਕ ਸਥਾਨਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਰਿਪੋਰਟਾਂ ਅਨੁਸਾਰ, ਪਾਕਿਸਤਾਨ ਅਧਾਰਤ ਅਤਿਵਾਦੀ ਸੰਗਠਨ ਲਸ਼ਕਰ-ਏ-ਤਾਇਬਾ (LeT) ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਖਾਸ ਤੌਰ ’ਤੇ ਚਾਂਦਨੀ ਚੌਕ ਦੇ ਇੱਕ ਪ੍ਰਾਚੀਨ ਮੰਦਰ ਅਤੇ ਲਾਲ ਕਿਲ੍ਹੇ ਦੇ ਆਸ-ਪਾਸ IED ਧਮਾਕੇ ਦੀ ਚੇਤਾਵਨੀ ਦਿੱਤੀ ਗਈ ਹੈ।
ਦੱਸ ਦਈਏ ਕਿ ਇਹ ਅਲਰਟ ਇਸ ਲਈ ਵੀ ਗੰਭੀਰ ਹੈ ਕਿਉਂਕਿ ਪਿਛਲੇ ਸਾਲ 10 ਨਵੰਬਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਕਾਰ ਧਮਾਕੇ ਵਿੱਚ 13 ਲੋਕਾਂ ਦੀ ਜਾਨ ਚਲੀ ਗਈ ਸੀ, ਜਿਸ ਕਾਰਨ ਸੁਰੱਖਿਆ ਏਜੰਸੀਆਂ ਹੁਣ ਕੋਈ ਵੀ ਢਿੱਲ ਨਹੀਂ ਵਰਤਣਾ ਚਾਹੁੰਦੀਆਂ।
ਦਿੱਲੀ ਪੁਲੀਸ ਅਤੇ ਕੇਂਦਰੀ ਏਜੰਸੀਆਂ ਨੇ ਆਪਸੀ ਤਾਲਮੇਲ ਵਧਾਉਂਦੇ ਹੋਏ ਸ਼ੱਕੀ ਥਾਵਾਂ ’ਤੇ ਸੀਸੀਟੀਵੀ ਨਿਗਰਾਨੀ, ਵਾਹਨਾਂ ਦੀ ਚੈਕਿੰਗ ਅਤੇ ਵਾਧੂ ਫੋਰਸ ਤਾਇਨਾਤ ਕਰ ਦਿੱਤੀ ਹੈ।
ਬੰਬ ਨਿਰੋਧਕ ਦਸਤੇ ਅਤੇ ਕਵਿੱਕ ਰਿਐਕਸ਼ਨ ਟੀਮਾਂ (QRT) ਨੂੰ ਵੀ ਸਟੈਂਡਬਾਏ ’ਤੇ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਵਸਤੂ ਜਾਂ ਗਤੀਵਿਧੀ ਦੀ ਸੂਚਨਾ ਤੁਰੰਤ ਪੁਲੀਸ ਨੂੰ ਦੇਣ। ਹਾਲਾਂਕਿ ਪੁਲੀਸ ਦਾ ਕਹਿਣਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਇਹ ਸਭ ਸੁਰੱਖਿਆ ਦੇ ਲਿਹਾਜ਼ ਨਾਲ ਸਿਰਫ਼ ਸਾਵਧਾਨੀ ਵਜੋਂ ਕੀਤਾ ਜਾ ਰਿਹਾ ਹੈ।