ਦਿੱਲੀ ਆਗਰਾ ਐਕਸਪ੍ਰੈੱਸਵੇਅ ’ਤੇ ਬੱਸਾਂ ਤੇ ਕਾਰਾਂ ਦੀ ਟੱਕਰ; 13 ਹਲਾਕ, 43 ਜ਼ਖਮੀ
ਮਥੁਰਾ ਵਿਚ ਯਮੁਨਾ ਐਕਸਪ੍ਰੈਸਵੇਅ ’ਤੇ ਸੰਘਣੀ ਧੁੰਦ ਵਿੱਚ ਕਈ ਵਾਹਨਾਂ ਦੇ ਟਕਰਾਉਣ ਕਾਰਨ 13 ਲੋਕਾਂ ਦੀ ਸੜਨ ਨਾਲ ਮੌਤ ਹੋ ਗਈ ਅਤੇ 43 ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਹਾਦਸਾ ਸਵੇਰੇ 4.30 ਵਜੇ ਦੇ ਕਰੀਬ ਸੰਘਣੀ ਧੁੰਦ ਵਿੱਚ ਉਸ ਵੇਲੇ ਵਾਪਰਿਆ ਜਦੋਂ ਅੱਠ ਬੱਸਾਂ ਅਤੇ ਤਿੰਨ ਛੋਟੇ ਵਾਹਨ ਆਪਸ ਵਿਚ ਟਕਰਾ ਗਏ। ਇਨ੍ਹਾਂ ਵਿਚ ਟੱਕਰ ਹੋਣ ਤੋਂ ਬਾਅਦ ਵਾਹਨਾਂ ਵਿਚ ਅੱਗ ਲੱਗ ਗਈ ਜਿਸ ਵਿਚ ਭਾਜਪਾ ਆਗੂ ਸਣੇ 13 ਜਣਿਆਂ ਦੀ ਸੜਨ ਕਾਰਨ ਮੌਤ ਹੋ ਗਈ।
ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਦੂਜੇ ਪਾਸੇ ਮੀਡੀਆ ਰਿਪੋਰਟਾਂ ਅਨੁਸਾਰ ਜ਼ਖਮੀਆਂ ਦੀ ਗਿਣਤੀ 70 ਦੇ ਕਰੀਬ ਹੈ। ਇਹ ਵੀ ਪਤਾ ਲੱਗਿਆ ਹੈ ਕਿ ਮਰਨ ਵਾਲਿਆਂ ਦੀ ਪਛਾਣ ਨਾ ਹੋ ਸਕੀ ਤੇ ਜਾਂਚ ਟੀਮਾਂ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੂੰ ਲੈ ਗਈਆਂ ਹਨ ਤੇ ਡੀਐਨਏ ਜ਼ਰੀਏ ਇਨ੍ਹਾਂ ਦੀ ਪਛਾਣ ਕੀਤੀ ਜਾਵੇਗੀ। ਇਹ ਘਟਨਾ ਬਲਦੇਵ ਪੁਲੀਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਵਾਪਰੀ।
ਮਥੁਰਾ ਦੇ ਸੀਨੀਅਰ ਪੁਲੀਸ ਸੁਪਰਡੈਂਟ ਸ਼ਲੋਕ ਕੁਮਾਰ ਬਲਦੇਵ ਪੁਲੀਸ ਸਟੇਸ਼ਨ ਦੀ ਐਸਐਚਓ ਰੰਜਨਾ ਸਚਾਨ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਪ੍ਰਯਾਗਰਾਜ ਦੇ ਰਹਿਣ ਵਾਲੇ 44 ਸਾਲਾ ਅਖਿਲੇਂਦਰ ਪ੍ਰਤਾਪ ਯਾਦਵ ਅਤੇ ਮਹਾਰਾਜਗੰਜ ਜ਼ਿਲ੍ਹੇ ਦੇ ਰਹਿਣ ਵਾਲੇ 75 ਸਾਲਾ ਰਾਮਪਾਲ ਵਜੋਂ ਹੋਈ ਹੈ। ਤੀਜੇ ਵਿਅਕਤੀ ਦੀ ਪਛਾਣ ਬਾਅਦ ਵਿੱਚ ਵਰਿੰਦਾਵਨ ਦੇ ਇੱਕ ਮੁੱਖ ਮੈਡੀਕਲ ਅਫ਼ਸਰ ਵਲੋਂ ਕੀਤੀ ਗਈ ਜੋ 62 ਸਾਲਾ ਸੁਲਤਾਨ ਅਹਿਮਦ ਸੀ, ਜੋ ਗੋਂਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਸਚਾਨ ਨੇ ਕਿਹਾ ਕਿ ਸਾਰੇ 13 ਲੋਕਾਂ ਦੀ ਸੜਨ ਕਾਰਨ ਮੌਤ ਹੋ ਗਈ।