latest news Punjab

ਡੰਕੀ ਰੂਟ: ਈ ਡੀ ਵੱਲੋਂ 13 ਥਾਵਾਂ ’ਤੇ ਛਾਪੇ; ਸੋਨਾ, ਚਾਂਦੀ ਅਤੇ ਨਗ਼ਦੀ ਬਰਾਮਦ

ਡੰਕੀ ਰੂਟ: ਈ ਡੀ ਵੱਲੋਂ 13 ਥਾਵਾਂ ’ਤੇ ਛਾਪੇ; ਸੋਨਾ, ਚਾਂਦੀ ਅਤੇ ਨਗ਼ਦੀ ਬਰਾਮਦ
  • PublishedDecember 19, 2025

ਈ ਡੀ ਦੇ ਜਲੰਧਰ ਜ਼ੋਨਲ ਦਫਤਰ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਵਾਲਿਆਂ ’ਤੇ ਕਾਰਵਾਈ ਕੀਤੀ ਗਈ ਹੈ। ਇਸ ਤਹਿਤ ਪੰਜਾਬ, ਹਰਿਆਣਾ ਅਤੇ ਨਵੀਂ ਦਿੱਲੀ ਵਿੱਚ 13 ਥਾਵਾਂ ’ਤੇ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਛਾਪਾਮਾਰੀ ਕਰਕੇ 6 ਕਿਲੋ ਸੋਨਾ 313 ਕਿਲੋਗ੍ਰਾਮ ਚਾਂਦੀ ਅਤੇ ਚਾਰ ਕਰੋੜ 68 ਲੱਖ ਰੁਪਏ ਤੋਂ ਇਲਾਵਾ ਦੋ ਕਰੋੜ 7 ਲੱਖ ਰੁਪਏ ਦੇ ਚਾਂਦੀ ਦੇ ਸਿੱਕੇ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਤਲਾਸ਼ੀ ਮੁਹਿੰਮ ਦੌਰਾਨ 50 ਤੋਂ ਵੱਧ ਪਾਸਪੋਰਟ ਵੀ ਬਰਾਮਦ ਕੀਤੇ ਹਨ। ਇਨ੍ਹਾਂ ਦੀ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਈ ਡੀ ਨੇ ਪੰਜਾਬ ਪੁਲੀਸ ਅਤੇ ਹਰਿਆਣਾ ਪੁਲੀਸ ਦੇ ਸਹਿਯੋਗ ਨਾਲ ਮਾਮਲਿਆਂ ਦੀ ਜਾਂਚ ਆਰੰਭ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸੇ ਸਾਲ ਫਰਵਰੀ ਵਿੱਚ ਅਮਰੀਕਾ ਸਰਕਾਰ ਵਲੋਂ ਕਾਰਗੋ ਜਹਾਜ਼ ਵਿੱਚ 330 ਭਾਰਤੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਉਪਰੰਤ ਵਾਪਸ ਭਾਰਤ ਭੇਜ ਦਿੱਤਾ ਸੀ।

ਈਡੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਵੱਖ-ਵੱਖ ਏਜੰਟ ਅਤੇ ਉਨ੍ਹਾਂ ਦੇ ਸਹਿਯੋਗੀ ਭੋਲੇ ਭਾਲੇ ਲੋਕਾਂ ਨੂੰ ਕਾਨੂੰਨੀ ਤੌਰ ’ਤੇ ਅਮਰੀਕਾ ਭੇਜਣ ਦੇ ਬਹਾਨੇ ਡੰਕੀ ਰੂਟ ਰਾਹੀਂ ਅਮਰੀਕਾ ਭੇਜਦੇ ਸਨ। ਏਜੰਟ ਡੰਕੀ ਰੂਟ ਲਗਾ ਕੇ ਅਮਰੀਕਾ ਮੈਕਸਿਕੋ ਸਰਹੱਦ ਰਾਹੀਂ ਗੈਰਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਲੋਕਾਂ ਨੂੰ ਦਾਖਲ ਕਰਵਾਉਂਦੇ ਸਨ। ਈਡੀ ਨੇ ਏਜੰਟਾਂ ਕੋਲੋਂ ਜਾਅਲੀ ਇਮੀਗਰੇਸ਼ਨ ਸਟੈਂਪ, ਵੀਜ਼ਾ ਸਟੈਂਪ ਅਤੇ ਡਿਜੀਟਲ ਡਿਵਾਈਸ ਬਰਾਮਦ ਕੀਤੀਆਂ ਹਨ।