ਟਰੰਪ ਵੱਲੋਂ ਮੁੜ ਦਾਅਵਾ….ਭਾਰਤ ਪਾਕਿ ਜੰਗ ਰੋਕੀ; ਟਕਰਾਅ ਦੌਰਾਨ ਸੱਤ ਜਹਾਜ਼ ਡਿੱਗੇ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਟਕਰਾਅ ਨੂੰ ਰੋਕਿਆ। ਅਮਰੀਕੀ ਸਦਰ ਨੇ ਦਾਅਵਾ ਕੀਤਾ ਕਿ ਦੋਵਾਂ ਮੁਲਕਾਂ ਦਰਮਿਆਨ ਮਈ ਵਿਚ ਹੋਏ ਫੌਜੀ ਟਕਰਾਅ ਵਿਚ ਸੱਤ ਜਹਾਜ਼ ਫੁੰਡੇ ਗਏ ਸਨ। ਟਰੰਪ ਨੇ ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਜਹਾਜ਼ ਦੋਵਾਂ ਵਿਚੋਂ ਕਿਸ ਮੁਲਕ ਦੇ ਸਨ।
ਫੌਕਸ ਨਿਊਜ਼ ਬਰੌਡਕਾਸਟ ਨੂੰ ਦਿੱਤੀ ਇੰਟਰਵਿਊ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ‘ਟੈਰਿਫ਼ਾਂ ਦੀ ਧਮਕੀ’ ਨੇ ਭਾਰਤ ਤੇ ਪਾਕਿਸਤਾਨ ਨੂੰ ਜੰਗ ਰੋਕਣ ਲਈ ਮਜਬੂਰ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘‘ਮਿਸਾਲ ਵਜੋਂ ਟੈਰਿਫ ਦੀ ਧਮਕੀ ਨੇ ਭਾਰਤ ਅਤੇ ਪਾਕਿਸਤਾਨ, ਦੋ ਪ੍ਰਮਾਣੂ ਮੁਲਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਉਹ ਅਜਿਹਾ ਕਰ ਰਹੇ ਸਨ। ਸੱਤ ਜਹਾਜ਼ਾਂ ਨੂੰ ਮਾਰ ਸੁੱਟਿਆ ਗਿਆ; ਇਹ ਬਹੁਤ ਜ਼ਿਆਦਾ ਹੈ। ਅਤੇ ਉਹ ਅਜਿਹਾ ਕਰ ਰਹੇ ਸਨ। ਅਤੇ ਇਹ ਇੱਕ ਪ੍ਰਮਾਣੂ ਜੰਗ ਹੋ ਸਕਦੀ ਸੀ।’’ ਟਰੰਪ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਲੱਖਾਂ ਜਾਨਾਂ ਬਚਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।