ਗੋਆ ਨਾਈਟ ਕਲੱਬ ਮਾਮਲਾ: ਲੂਥਰਾ ਭਰਾਵਾਂ ਦੇ ਪੁਲੀਸ ਰਿਮਾਂਡ ’ਚ 29 ਦਸੰਬਰ ਤੱਕ ਵਾਧਾ
ਗੋਆ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ‘ਬਿਰਚ ਬਾਈ ਰੋਮੀਓ ਲੇਨ’ ਨਾਈਟ ਕਲੱਬ ਦੇ ਮਾਲਕਾਂ, ਸੌਰਭ ਅਤੇ ਗੌਰਵ ਲੂਥਰਾ ਦਾ ਪੁਲੀਸ ਰਿਮਾਂਡ 29 ਦਸੰਬਰ ਤੱਕ ਵਧਾ ਦਿੱਤਾ ਹੈ।
ਅੰਜੁਨਾ ਪੁਲੀਸ ਨੇ ਲੂਥਰਾ ਭਰਾਵਾਂ ਵਿਰੁੱਧ ਗੈਰ-ਇਰਾਦਤਨ ਕਤਲ ਸਮੇਤ ਕਈ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਪੂਰੇ ਮਾਮਲੇ ਵਿੱਚ ਹੁਣ ਤੱਕ ਕੁੱਲ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਸ ਦੇ ਨਾਲ ਹੀ ਪੁਲੀਸ ਨੇ ਇੱਕ ਹੋਰ ਮੁਲਜ਼ਮ, ਬ੍ਰਿਟਿਸ਼ ਨਾਗਰਿਕ ਸੁਰਿੰਦਰ ਕੁਮਾਰ ਖੋਸਲਾ, ਜੋ ਕਿ ਯੂਕੇ ਫ਼ਰਾਰ ਹੋ ਗਿਆ ਹੈ, ਦੇ ਖਿਲਾਫ਼ ‘ਬਲੂ ਕਾਰਨਰ ਨੋਟਿਸ’ ਜਾਰੀ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਬਚਾਅ ਪੱਖ ਦੇ ਵਕੀਲ ਅਨੁਸਾਰ, ਜਦੋਂ ਕਲੱਬ ਵਿੱਚ ਅੱਗ ਲੱਗੀ ਸੀ, ਉਸ ਸਮੇਂ ਦੋਵੇਂ ਭਰਾ ਉੱਥੇ ਮੌਜੂਦ ਨਹੀਂ ਸਨ।
ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਰਪੋਰਾ ਪਿੰਡ ਸਥਿਤ ਇਸ ਕਲੱਬ ਵਿੱਚ ਭਿਆਨਕ ਅੱਗ ਲੱਗਣ ਕਾਰਨ 25 ਲੋਕਾਂ ਦੀ ਜਾਨ ਚਲੀ ਗਈ ਸੀ। ਦੋਵੇਂ ਭਰਾ ਹਾਦਸੇ ਤੋਂ ਤੁਰੰਤ ਬਾਅਦ ਥਾਈਲੈਂਡ ਫ਼ਰਾਰ ਹੋ ਗਏ ਸਨ, ਜਿਨ੍ਹਾਂ ਨੂੰ 17 ਦਸੰਬਰ ਨੂੰ ਉੱਥੋਂ ਡਿਪੋਰਟ ਕਰਕੇ ਵਾਪਸ ਭਾਰਤ ਲਿਆਂਦਾ ਗਿਆ ਸੀ। ਮਪੂਸਾ ਅਦਾਲਤ ਵਿੱਚ ਪੇਸ਼ੀ ਦੌਰਾਨ ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਲੂਥਰਾ ਭਰਾਵਾਂ ਨੇ ਜਾਂਚ ਵਿੱਚ ਸਹਿਯੋਗ ਦੇਣ ਲਈ ਰਿਮਾਂਡ ਦਾ ਵਿਰੋਧ ਨਹੀਂ ਕੀਤਾ।