Canada latest news World

ਕੈਨੇਡਾ: ਕੌਮਾਂਤਰੀ ਵਿਦਿਆਰਥੀਆਂ ਨੂੰ ਗੁਮਰਾਹ ਕਰਨ ’ਤੇ ਪੈਸੀਫਿਕ ਲਿੰਕ ਕਾਲਜ ਦੀ ਮਾਨਤਾ ਰੱਦ

ਕੈਨੇਡਾ: ਕੌਮਾਂਤਰੀ ਵਿਦਿਆਰਥੀਆਂ ਨੂੰ ਗੁਮਰਾਹ ਕਰਨ ’ਤੇ ਪੈਸੀਫਿਕ ਲਿੰਕ ਕਾਲਜ ਦੀ ਮਾਨਤਾ ਰੱਦ
  • PublishedDecember 21, 2025
ਕੈਨੇਡਾ ਵਿਚ ਸੂਬਾ ਸਰਕਾਰ ਨੇ ਪੈਸੀਫਿਕ ਲਿੰਕ ਕਾਲਜ (PLC) ਨੂੰ ਆਪਣੇ ਪ੍ਰੋਗਰਾਮਾਂ ਅਤੇ ਵਰਕ ਪਲੇਸਮੈਂਟ ਬਾਰੇ ਕੌਮਾਂਤਰੀ ਵਿਦਿਆਰਥੀਆਂ ਨੂੰ ਗੁਮਰਾਹ ਕਰਨ ਤੋਂ ਬਾਅਦ ਉਸ ਦੀ ਫ਼ੁਲ-ਟਾਈਮ ਕੋਰਸ ਚਲਾਉਣ ਦੀ ਮਾਨਤਾ ਰੱਦ ਕਰ ਦਿੱਤੀ ਅਤੇ ਇਸ ਫੈਸਲੇ ਨਾਲ ਕਾਲਜ ਪ੍ਰਭਾਵੀ ਰੂਪ ਵਿੱਚ ਬੰਦ ਹੋ ਗਿਆ।
ਇਕ ਜਾਂਚ ਵਿਚ ਇਹ ਪਾਇਆ ਹੈ ਕਿ ਇਸ ਅਦਾਰੇ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਆਪਣੇ ਕੋਰਸਾਂ ਅਤੇ ਨੌਕਰੀ ਲਈ ਪਲੇਸਮੈਂਟ ਬਾਰੇ ਗੁਮਰਾਹ ਕੀਤਾ ਸੀ। ਬੀ ਸੀ ਵਿੱਚ ਕਿਸੇ ਵੀ ਕਾਲਜ ਲਈ ਫ਼ੁਲ-ਟਾਈਮ ਕੋਰਸ ਚਲਾਉਣ ਅਤੇ ਘੱਟੋ-ਘੱਟ 4,000 ਡਾਲਰ ਫ਼ੀਸ ਲੈਣ ਦੇ ਯੋਗ ਹੋਣ ਲਈ ਇਹ ਮਾਨਤਾ ਜ਼ਰੂਰੀ ਹੁੰਦੀ ਹੈ। PLC ਕਾਲਜ ਦੀ ਸਥਾਪਨਾ 2011 ਵਿੱਚ ਹੋਈ ਸੀਤੇ ਇਸ ਦੇ ਦਫ਼ਤਰ ਸਰੀ ਅਤੇ ਬਰਨਬੀ ਵਿੱਚ ਸਨ।ਕਾਲਜ ਦੇ ਬੰਦ ਹੋਣ ਤੋਂ ਬਾਅਦ ਸੈਂਕੜੇ ਵਿਦਿਆਰਥੀ ਹੁਣ ਸੰਘਰਸ਼ ਕਰ ਰਹੇ ਹਨ।

ਸਤੰਬਰ ਵਿੱਚ ਕਈ ਵਿਦਿਆਰਥੀਆਂ ਨੇ ਦੋਸ਼ ਲਗਾਇਆ ਸੀ ਕਿ ਕਾਲਜ ਨੇ ਉਨ੍ਹਾਂ ਨੂੰ ਕੋਰਸ ਦੇ ਕਰੈਡਿਟ ਲਈ ਇੱਕ ਸਿਆਸੀ ਮੁਹਿੰਮ ਵਿੱਚ ਹਿੱਸਾ ਲੈਣ ਲਈ ਮਜਬੂਰ ਕੀਤਾ ਸੀ। ਵਿਦਿਆਰਥੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਗਰੁੱਪ ‘ਵਨ ਵੌਇਸ ਕੈਨੇਡਾ’ ਦੇ ਸਹਿ-ਸੰਸਥਾਪਕ ਬਲਰਾਜ ਕਾਹਲੋਂ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਅਜੇ ਵੀ ਕਾਫ਼ੀ ਗ਼ੁੱਸਾ ਅਤੇ ਨਿਰਾਸ਼ਾ ਹੈ, ਕਿਉਂਕਿ ਉਨ੍ਹਾਂ ਨੇ ਪੈਸੀਫਿਕ ਲਿੰਕ ਕਾਲਜ ਵਿੱਚ ਆਪਣਾ ਕਾਫ਼ੀ ਸਮਾਂ ਅਤੇ ਪੈਸਾ ਬਰਬਾਦ ਕੀਤਾ। ਉਨ੍ਹਾਂ ਦੱਸਿਆ ਕਿ ਕੁਝ ਵਿਦਿਆਰਥੀ ਇੱਕ ਤੋਂ ਦੋ ਸਾਲ ਤੱਕ ਉੱਥੇ ਪੜ੍ਹਦੇ ਰਹੇ ਅਤੇ 10,000 ਤੋਂ 15,000 ਡਾਲਰ ਤੱਕ ਫ਼ੀਸ ਭਰੀ।

ਕਾਲਜ ਬੰਦ ਹੋਣ ਵੇਲੇ PLC ਵਿੱਚ ਪੜ੍ਹ ਰਹੇ ਸੈਂਕੜੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਵੱਲੋਂ ਫ਼ੀਸ ਵਾਪਸੀ ਲਈ ਅਰਜ਼ੀ  ਦੇਣ ਦੀ ਸਲਾਹ ਦਿੱਤੀ ਗਈ ਹੈ। ਸੂਬੇ ਦੇ ਉੱਚ ਸਿੱਖਿਆ ਮੰਤਰਾਲੇ ਦੇ ਅਨੁਸਾਰ ਪਹਿਲਾਂ ਗ੍ਰੈਜੁਏਟ ਹੋ ਚੁੱਕੇ ਵਿਦਿਆਰਥੀ ਵੀ ਯੋਗ ਹੋ ਸਕਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਵਿਦਿਆਰਥੀਆਂ ਨੂੰ ਹੋਰ ਸਕੂਲਾਂ ਵਿੱਚ ਦਾਖ਼ਲਾ ਲੈਣ ਲਈ ਵੀ ਕਿਹਾ ਗਿਆ ਹੈ।
 ਬਲਰਾਜ ਕਾਹਲੋਂ ਨੇ ਕਿਹਾ ਕਿ ਹੋ ਸਕਦਾ ਹੈ ਕੁਝ ਵਿਦਿਆਰਥੀਆਂ ਨੂੰ ਫ਼ੀਸ ਵਾਪਸ ਮਿਲ ਜਾਵੇ, ਪਰ ਉਹ ਆਪਣਾ ਲਗਾਇਆ ਸਮਾਂ, ਕੈਨੇਡਾ ਆਉਣ ਦਾ ਖਰਚਾ ਅਤੇ ਇੱਥੇ ਰਹਿਣ ਦਾ ਖਰਚਾ ਵਾਪਸ ਨਹੀਂ ਲੈ ਸਕਦੇ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਸਕੂਲ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਅਤੇ ਦਬਾਅ ਬਣਾਉਣ ਵਾਲਾ ਰਵੱਈਆ ਅਪਣਾਇਆ ਗਿਆ, ਜਿਸ ਵਿੱਚ ਗ਼ੈਰਹਾਜ਼ਰੀ ਦੇ ਮਾਮਲੇ ਵਿੱਚ ਇਮੀਗ੍ਰੇਸ਼ਨ ਵਿਭਾਗ ਨੂੰ ਸੂਚਨਾ ਦੇਣ ਦੀਆਂ ਧਮਕੀਆਂ ਵੀ ਸ਼ਾਮਲ ਸਨ।