latest news Punjab

ਕਬੱਡੀ ਪ੍ਰਮੋਟਰ ਕਤਲ ਕੇਸ: ਪੁਲੀਸ ਨੇ ਦੋ ਸ਼ੂਟਰਾਂ ਸਣੇ ਤਿੰਨ ਦੀ ਪਛਾਣ ਕੀਤੀ

ਕਬੱਡੀ ਪ੍ਰਮੋਟਰ ਕਤਲ ਕੇਸ: ਪੁਲੀਸ ਨੇ ਦੋ ਸ਼ੂਟਰਾਂ ਸਣੇ ਤਿੰਨ ਦੀ ਪਛਾਣ ਕੀਤੀ
  • PublishedDecember 16, 2025

ਸੋਹਾਣਾ ਵਿਚ ਸੋਮਵਾਰ ਸ਼ਾਮੀਂ ਟੂਰਨਾਮੈਂਟ ਦੌਰਾਨ ਕਬੱਡੀ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਕੇਸ ਵਿੱਚ ਮੁਹਾਲੀ ਪੁਲੀਸ ਨੇ ਸ਼ੂਟਰਾਂ ਦੀ ਪਛਾਣ ਕਰ ਲੈਣ ਦਾ ਦਾਅਵਾ ਕੀਤਾ ਹੈ। ਸ਼ੂਟਰਾਂ ਦੀ ਸ਼ਨਾਖਤ ਆਦਿੱਤਿਆ ਕਪੂਰ ਤੇ ਕਰਨ ਪਾਠਕ ਵਜੋਂ ਦੱਸੀ ਗਈ ਹੈ। ਮੁਹਾਲੀ ਪੁਲੀਸ ਨੇ ਸ਼ੂਟਰਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਮੁਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹਾਂਸ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੋ ਸ਼ੂਟਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਜਦੋਂ ਕਿ ਉਨ੍ਹਾਂ ਨਾਲ ਇਸ ਵਾਰਦਾਤ ਵਿਚ ਇੱਕ ਹੋਰ ਵਿਅਕਤੀ ਸ਼ਾਮਲ ਸੀ। ਐੱਸਐੱਸਪੀ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਇਸ ਘਟਨਾ ਦਾ ਸਿੱਧੂ ਮੂਸੇਵਾਲਾ ਦੇ ਕਾਤਲਾਂ ਜਾਂ ਘਟਨਾ ਨਾਲ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਰਾਣਾ ਬਲਾਚੌਰੀਆ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਸੀ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਕਬੱਡੀ ਅਤੇ ਕਬੱਡੀ ਖਿਡਾਰੀਆਂ ਉੱਤੇ ਆਪਣੀ ਪਕੜ ਮਜ਼ਬੂਤ ਕਰਨ ਨਾਲ ਸਬੰਧਤ ਹੈ। ਇਸ ਕਤਲ ਕੇਸ ਵਿੱਚ ਟੋਨੀ ਬੱਲ ਅਤੇ ਲੱਕੀ ਪਟਿਆਲ ਨਾਂ ਦੇ ਦੋ ਗਰੋਹਾਂ, ਜੋ ਅੱਗੇ ਬੰਬੀਹਾ ਗੈਂਗ ਨਾਲ ਸਬੰਧ ਰੱਖਦੇ ਹਨ, ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਸ਼ੂਟਰ ਟੋਨੀ ਬੱਲ ਗਰੁੱਪ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਅਦਿਤਿਆ ਕਪੂਰ ਉੱਤੇ 13 ਅਤੇ ਕਰਨ ਪਾਠਕ ਉੱਤੇ ਦੋ ਪਰਚੇ ਦਰਜ ਹਨ।