World

ਇਮਰਾਨ ਖਾਨ ਤੇ ਪਤਨੀ ਬੁਸ਼ਰਾ ਬੀਬੀ ਨੂੰ ਤੋਸ਼ਾਖਾਨਾ ਮਾਮਲੇ ਵਿੱਚ 17-17 ਸਾਲ ਦੀ ਸਜ਼ਾ

ਇਮਰਾਨ ਖਾਨ ਤੇ ਪਤਨੀ ਬੁਸ਼ਰਾ ਬੀਬੀ ਨੂੰ ਤੋਸ਼ਾਖਾਨਾ ਮਾਮਲੇ ਵਿੱਚ 17-17 ਸਾਲ ਦੀ ਸਜ਼ਾ
  • PublishedDecember 20, 2025

ਪਾਕਿਸਤਾਨ ਦੀ ਇੱਕ ਅਦਾਲਤ ਨੇ ਤੋਸ਼ਾਖਾਨਾ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਨਜ਼ਰਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 17-17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਇਹ ਮਾਮਲਾ ਸਰਕਾਰੀ ਤੋਹਫ਼ਿਆਂ ਵਿੱਚ ਕਥਿਤ ਧੋਖਾਧੜੀ ਨਾਲ ਸਬੰਧਤ ਹੈ। ਇਹ ਤੋਹਫੇ ਉਨ੍ਹਾਂ ਨੂੰ 2021 ਵਿੱਚ ਸਾਊਦੀ ਸਰਕਾਰ ਤੋਂ ਮਿਲੇ ਸਨ। ਵਿਸ਼ੇਸ਼ ਅਦਾਲਤ ਦੇ ਜੱਜ ਸ਼ਾਹਰੁਖ ਅਰਜੁਮੰਦ ਨੇ ਰਾਵਲਪਿੰਡੀ ਦੀ ਉੱਚ-ਸੁਰੱਖਿਆ ਅਦਿਆਲਾ ਜੇਲ੍ਹ ਵਿੱਚ ਇਸ ਮਾਮਲੇ ਬਾਰੇ ਫੈਸਲਾ ਸੁਣਾਇਆ।

ਖਾਨ ਅਤੇ ਬੁਸ਼ਰਾ ਨੂੰ ਪਾਕਿਸਤਾਨ ਦੰਡ ਸੰਹਿਤਾ ਦੀ ਧਾਰਾ 409 ਤਹਿਤ 10 ਸਾਲ ਦੀ ਸਖ਼ਤ ਕੈਦ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸੱਤ ਸਾਲ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਉਨ੍ਹਾਂ ਵਿੱਚੋਂ ਹਰੇਕ ’ਤੇ 16.4 ਮਿਲੀਅਨ ਪਾਕਿਸਤਾਨੀ ਰੁਪਏ ਦਾ ਜੁਰਮਾਨਾ ਵੀ ਲਗਾਇਆ।

ਇਹ ਮਾਮਲਾ ਜੁਲਾਈ 2024 ਵਿੱਚ ਦਾਇਰ ਕੀਤਾ ਗਿਆ ਸੀ। ਉਨ੍ਹਾਂ ’ਤੇ ਦੋਸ਼ ਲੱਗੇ ਸਨ ਕਿ ਇਸ ਜੋੜੇ ਵਲੋਂ ਮਹਿੰਗੀਆਂ ਘੜੀਆਂ ਦੇ ਨਾਲ-ਨਾਲ ਹੀਰੇ ਅਤੇ ਸੋਨੇ ਦੇ ਗਹਿਣਿਆਂ ਦੇ ਸੈੱਟਾਂ ਸਮੇਤ ਕੀਮਤੀ ਚੀਜ਼ਾਂ ਨੂੰ ਤੋਸ਼ਾਖਾਨਾ (ਰਾਜ ਦੇ ਤੋਹਫ਼ੇ ਭੰਡਾਰ) ਵਿੱਚ ਜਮ੍ਹਾ ਕੀਤੇ ਬਿਨਾਂ ਵੇਚ ਦਿੱਤਾ ਗਿਆ ਸੀ।

ਇਸਲਾਮਾਬਾਦ ਹਾਈ ਕੋਰਟ ਨੇ ਅਕਤੂਬਰ 2024 ਵਿੱਚ ਬੁਸ਼ਰਾ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਸੀ ਅਤੇ ਇੱਕ ਮਹੀਨੇ ਬਾਅਦ ਖਾਨ ਨੂੰ ਵੀ ਇਸੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਸੀ। ਉਨ੍ਹਾਂ ’ਤੇ ਪਿਛਲੇ ਸਾਲ ਦਸੰਬਰ ਵਿੱਚ ਦੋਸ਼ ਲਗਾਇਆ ਗਿਆ ਸੀ।