latest news Punjab

ਅੰਮ੍ਰਿਤਸਰ ’ਚ ਦਹਿਸ਼ਤ ਦੀ ਵੱਡੀ ਸਾਜ਼ਿਸ਼ ਨਾਕਾਮ: ਰਈਆ ਪੁਲੀਸ ਚੌਕੀ ਨੂੰ ਉਡਾਉਣ ਦੀ ਕੋਸ਼ਿਸ਼

ਅੰਮ੍ਰਿਤਸਰ ’ਚ ਦਹਿਸ਼ਤ ਦੀ ਵੱਡੀ ਸਾਜ਼ਿਸ਼ ਨਾਕਾਮ: ਰਈਆ ਪੁਲੀਸ ਚੌਕੀ ਨੂੰ ਉਡਾਉਣ ਦੀ ਕੋਸ਼ਿਸ਼
  • PublishedFebruary 21, 2026

ਅੰਮ੍ਰਿਤਸਰ ਦੇ ਰਈਆ ਵਿੱਚ ਸ਼ੁੱਕਰਵਾਰ ਦੇਰ ਰਾਤ ਪੰਜਾਬ ਪੁਲੀਸ ਨੇ ਇੱਕ ਵੱਡੀ ਅਤਿਵਾਦੀ ਘਟਨਾ ਨੂੰ ਟਾਲਦਿਆਂ ਬਿਆਸ ਪੁਲੀਸ ਸਟੇਸ਼ਨ ਦੇ ਅਧੀਨ ਆਉਂਦੀ ਰਈਆ ਪੁਲੀਸ ਚੌਕੀ ਨੂੰ ਉਡਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਜਾਣਕਾਰੀ ਅਨੁਸਾਰ, ਪੁਲੀਸ ਚੌਕੀ ਦੇ ਪਿੱਛੇ ਇੱਕ ਸ਼ੱਕੀ ਵਸਤੂ ਮਿਲੀ ਸੀ, ਜਿਸ ਦੀ ਪਛਾਣ ਆਈ.ਈ.ਡੀ. (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਵਜੋਂ ਹੋਈ।

ਸੂਚਨਾ ਮਿਲਦੇ ਹੀ ਸੁਰੱਖਿਆ ਏਜੰਸੀਆਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਸ਼ਨੀਵਾਰ ਤੜਕੇ ਬੰਬ ਨਿਰੋਧਕ ਦਸਤੇ ਨੇ ਇਸ ਖਤਰਨਾਕ ਯੰਤਰ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰ ਦਿੱਤਾ। ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਸੋਹੇਲ ਕਾਸਿਮ ਮੀਰ ਨੇ ਦੱਸਿਆ ਕਿ ਫੋਰਸ ਦੀ ਮੁਸਤੈਦੀ ਸਦਕਾ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ ਹੈ।

ਪੁਲੀਸ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਇਸ ਘਟਨਾ ਪਿੱਛੇ ਕਿਸੇ ਅਤਿਵਾਦੀ ਸੰਗਠਨ ਦਾ ਹੱਥ ਹੈ ਜਾਂ ਫਿਰ ਕਿਸੇ ਗੈਂਗਸਟਰ ਗਰੁੱਪ ਨੇ ਪੁਲੀਸ ਨੂੰ ਨਿਸ਼ਾਨਾ ਬਣਾਉਣ ਲਈ ਇਹ ਹਰਕਤ ਕੀਤੀ ਹੈ। ਫਿਲਹਾਲ ਕਿਸੇ ਵੀ ਜਥੇਬੰਦੀ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

 

ਪੁਲੀਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਵਿਸਫੋਟਕ ਰੱਖਣ ਵਾਲੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।