ਅਮਰੀਕਾ ਵਿੱਚ ਸੜਕ ਹਾਦਸੇ ’ਚ ਤਿਲੰਗਾਨਾ ਦੀਆਂ ਦੋ ਲੜਕੀਆਂ ਦੀ ਮੌਤ
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਸੜਕ ਹਾਦਸੇ ਵਿੱਚ ਤਿਲੰਗਾਨਾ ਦੀਆਂ ਦੋ ਲੜਕੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਪੁੱਲਖੰਡਮ ਮੇਘਨਾ ਰਾਣੀ ਅਤੇ ਕਡਿਆਲਾ ਭਾਵਨਾ ਵਜੋਂ ਹੋਈ। ਇਹ ਦੋਵੇਂ 24 ਸਾਲ ਦੀਆਂ ਸਨ ਜੋ ਅਮਰੀਕਾ ਵਿੱਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਗਈਆਂ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਦੋਸਤਾਂ ਨਾਲ ਕਿਸੇ ਥਾਂ ਤੋਂ ਵਾਪਸ ਆ ਰਹੀਆਂ ਸਨ। ਇਸ ਘਟਨਾ ਨੇ ਉਨ੍ਹਾਂ ਦੇ ਪਰਿਵਾਰਾਂ ਅਤੇ ਭਾਈਚਾਰੇ ਨੂੰ ਸਦਮੇ ਵਿੱਚ ਪਾ ਦਿੱਤਾ ਹੈ।
ਮੇਘਨਾ ਅਤੇ ਭਾਵਨਾ ਕੈਲੀਫੋਰਨੀਆ ਵਿੱਚ ਰਹਿੰਦੀਆਂ ਸਨ ਤੇ ਦੋਵੇਂ ਦੋਸਤ ਅਤੇ ਰੂਮਮੇਟ ਸਨ। ਉਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਮਾਸਟਰ ਡਿਗਰੀ ਮੁਕੰਮਲ ਕੀਤੀ ਸੀ ਅਤੇ ਨੌਕਰੀ ਭਾਲ ਰਹੀਆਂ ਸਨ। ਮੇਘਨਾ ਦੇ ਪਿਤਾ ਨਾਗੇਸ਼ਵਰ ਰਾਓ ਗਰਲਾ ਵਿੱਚ ਇੱਕ ਮੀ-ਸੇਵਾ ਕੇਂਦਰ ਚਲਾਉਂਦੇ ਹਨ, ਜਦੋਂ ਕਿ ਭਾਵਨਾ ਦੇ ਪਿਤਾ ਮੁਲਕਾਨੂਰ ਪਿੰਡ ਦੇ ਡਿਪਟੀ ਸਰਪੰਚ ਹਨ। ਅਮਰੀਕਾ ਵਿੱਚ ਸਥਾਨਕ ਅਧਿਕਾਰੀਆਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਮ੍ਰਿਤਕ ਦੇਹਾਂ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।