ਹਲਕਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲਿਸ ਨੇ 2 ਸਤੰਬਰ ਸਵੇਰੇ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਪਰ ਵਿਧਾਇਕ, ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਪੁਲਿਸ ਟੀਮ ਉਤੇ ਗੋਲੀਬਾਰੀ ਕਰਦੇ ਹੋਏ ਫਰਾਰ ਹੋਇਆ। ਪਠਾਣਮਾਜਰਾ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਦਰਜ ਐਫਆਈਆਰ ਦੇ ਅਨੁਸਾਰ ਪਠਾਣਮਾਜਰਾ ‘ਤੇ ਬਲਾਤਕਾਰ, ਧੋਖਾਧੜੀ ਅਤੇ ਧਮਕੀ ਦੇ ਇਲਜ਼ਾਮ ਲਗਾਏ ਗਏ ਹਨ।
ਇਹ ਮਾਮਲਾ ਜ਼ੀਰਕਪੁਰ ਦੀ ਇਕ ਔਰਤ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ, ਜਿਸ ਨੇ ਇਲਜ਼ਾਮ ਲਗਾਇਆ ਸੀ ਕਿ ਵਿਧਾਇਕ ਨੇ ਆਪਣੇ ਆਪ ਨੂੰ ਤਲਾਕਸ਼ੁਦਾ ਵਜੋਂ ਪੇਸ਼ ਕੀਤਾ, ਉਸ ਨਾਲ ਸਬੰਧ ਬਣਾਏ ਅਤੇ ਬਾਅਦ ਵਿੱਚ ਵਿਆਹੁਤਾ ਹੋਣ ਦੇ ਬਾਵਜੂਦ 2021 ਵਿੱਚ ਉਸ ਨਾਲ ਵਿਆਹ ਕਰਵਾ ਲਿਆ। ਔਰਤ ਨੇ ਵਿਧਾਇਕ ‘ਤੇ ਲਗਾਤਾਰ ਜਿਨਸੀ ਸ਼ੋਸ਼ਣ, ਧਮਕੀਆਂ ਦੇਣ ਅਤੇ ਉਸਨੂੰ ਅਸ਼ਲੀਲ ਸਮੱਗਰੀ ਭੇਜਣ ਦੇ ਇਲਜ਼ਾਮ ਲਗਾਏ।