ਸੋਹਾਣਾ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਹੱਤਿਆ
ਸੋਹਾਣਾ ਵਿਚ ਚੱਲ ਰਹੇ ਕਬੱਡੀ ਕੱਪ ਵਿੱਚ ਅੱਜ ਸ਼ਾਮੀਂ ਛੇ ਵਜੇ ਦੇ ਕਰੀਬ ਸ਼ਕਰਪੁਰ ਕਬੱਡੀ ਟੀਮ ਦੇ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਜਾਣਕਾਰੀ ਸਪੋਰਟਸ ਕਲੱਬ ਦੇ ਸਰਪ੍ਰਸਤ ਅਤੇ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਦਿੰਦਿਆਂ ਦੱਸਿਆ ਕਿ ਘਟਨਾ ਕਾਰ ਪਾਰਕਿੰਗ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ ਬਹੁਤ ਨੇੜਿਓਂ ਰਾਣਾ ਬਲਾਚੌਰੀਆ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਗਈਆਂ ਹਨ ਅਤੇ ਉਸ ਦੀ ਹਾਲਤ ਬਹੁਤ ਗੰਭੀਰ ਹੈ। ਫੋਰਟਿਸ ਹਸਪਤਾਲ ਵੱਲੋਂ ਜਾਰੀ ਬੁਲੇਟਿਨ ਅਨੁਸਾਰ 30 ਸਾਲਾ ਕੰਵਰ ਦਿਗਵਿਜੇ ਸਿੰਘ ਉਰਫ ਰਾਣਾ ਬਲਾਚੌਰੀਆ ਨੂੰ ਜਦੋਂ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਹ ਮ੍ਰਿਤਕ ਪਾਇਆ ਗਿਆ।
ਸੋਹਾਣਾ ਵਿਚ ਕਬੱਡੀ ਪ੍ਰਮੋਟਰ ਦੀ ਹੱਤਿਆ ਦੀ ਜ਼ਿੰਮੇਵਾਰੀ ਗੈਂਗਸਟਰ ਗੋਪੀ ਘਣਸ਼ਾਮਪੁਰੀਆ ਲਈ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਵੀ ਸ਼ੇਅਰ ਕੀਤੀ ਹੈ। ਘਣਸ਼ਾਮਪੁਰੀਆ ਨੇ ਪੋਸਟ ਪਾ ਕੇ ਲਿਖਿਆ ਕਿ ‘ਰਾਣਾ ਨੂੰ ਮਾਰ ਕੇ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਗਿਆ ਹੈ। ਉਸ ਨੇ ਕਿਹਾ ਕਿ ਇਸ ਕਬੱਡੀ ਪ੍ਰਮੋਟਰ ਨੇ ਮੂਸੇਵਾਲਾ ਦੀ ਹੱਤਿਆ ਵਿਚ ਸ਼ਾਮਲ ਲੋਕਾਂ ਲਈ ਰਿਹਾਇਸ਼ ਮੁਹੱਈਆ ਕਰਵਾਈ ਸੀ।
ਇਸ ਤੋਂ ਪਹਿਲਾਂ ਰਾਣਾ ਨੂੰ ਉਸ ਦੇ ਸਾਥੀਆਂ ਵੱਲੋਂ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਬੰਧਤ ਨੌਜਵਾਨ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਘਟਨਾ ਮਗਰੋਂ ਟੂਰਨਾਮੈਂਟ ਵਿੱਚ ਹਫ਼ੜਾ ਦਫ਼ੜੀ ਮਚ ਗਈ ਅਤੇ ਪ੍ਰਬੰਧਕਾਂ ਵੱਲੋਂ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਗਿਆ ਹੈ।