ਮੈਨੂੰ ਹੱਥਕੜੀਆਂ ਲਾਈਆਂ ਤੇ ਸ਼ਾਕਾਹਾਰੀ ਹੋਣ ਦੇ ਬਾਵਜੂਦ ਠੰਢਾ ਤੇ ਮਾਸਹਾਰੀ ਖਾਣਾ ਦਿੱਤਾ: ਹਰਜੀਤ ਕੌਰ
ਅਮਰੀਕਾ ਨੇ 73 ਸਾਲਾ ਔਰਤ ਨੂੰ ਕੁਝ ਦਿਨ ਪਹਿਲਾਂ ਡਿਪੋਰਟ ਕਰ ਕੇ ਭਾਰਤ ਭੇਜ ਦਿੱਤਾ ਸੀ। ਉਹ ਪਿਛਲੇ 33 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ। ਉਸ ਨੂੰ ਕੈਲੀਫੋਰਨੀਆ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਉਸ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਅਲਵਿਦਾ ਕਹਿਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ।
ਹਰਜੀਤ ਕੌਰ ਦੇ ਪੋਤੇ-ਪੋਤੀਆਂ ਅਮਰੀਕਾ ਤੋਂ ਉਸ ਨੂੰ ਵਾਰ-ਵਾਰ ਫੋਨ ਕਰ ਰਹੇ ਹਨ। ਉਹ ਪੁੱਛ ਰਹੇ ਹਨ ਕਿ ਉਨ੍ਹਾਂ ਦੀ ਦਾਦੀ ਲਈ ਸੌਣ ਲਈ ਬਿਸਤਰਾ ਹੈ ਕਿ ਨਹੀਂ, ਉਸ ਕੋਲ ਪਹਿਨਣ ਲਈ ਕੱਪੜੇ ਹਨ ਕਿ ਨਹੀਂ। ਕੀ ਉਸ ਨੂੰ ਸਵੇਰੇ, ਦੁਪਹਿਰ, ਸ਼ਾਮ ਨੂੰ ਖਾਣਾ ਮਿਲਦਾ ਹੈ ਕਿਉਂਕਿ ਉਨ੍ਹਾਂ ਦੀ 73 ਸਾਲਾ ਦਾਦੀ ਔਖੇ ਹਾਲਾਤ ਵਿਚ ਘਰੋਂ ਬੇਘਰ ਹੋ ਗਈ ਸੀ।
+ਜ਼ਿਕਰਯੋਗ ਹੈ ਕਿ ਹਰਜੀਤ ਕੌਰ ਅਤੇ ਉਸ ਦੇ ਦੋ ਪੁੱਤਰ 1992 ਵਿੱਚ ਭਾਰਤ ਤੋਂ ਰੋਜ਼ੀ ਕਮਾਉਣ ਲਈ ਅਮਰੀਕਾ ਦੇ ਕੈਲੀਫੋਰਨੀਆ ਪਹੁੰਚੇ ਸਨ ਪਰ ਹੁਣ 22 ਸਤੰਬਰ ਨੂੰ ਉਸ ਨੂੰ ਵਾਪਸ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਉਸ ਦਾ ਘਰ, ਉਸਦੇ ਬੱਚੇ ਅਤੇ ਪੋਤੇ-ਪੋਤੀਆਂ ਸਾਂ ਫਰਾਂਸਿਸਕੋ ਬੇਅ ਏਰੀਆ ਦੇ ਹਰਕਿਊਲੀਜ਼ ਵਿੱਚ ਹੀ ਰਹਿ ਗਏ ਹਨ। ਹਰਜੀਤ ਕੌਰ ਉਥੇ ਸਾੜੀਆਂ ਦੀ ਦੁਕਾਨ ਵਿੱਚ ਕੰਮ ਕਰਦੀ ਸੀ।
ਹਰਜੀਤ ਕੌਰ ਇਸ ਵੇਲੇ ਮੁਹਾਲੀ ਵਿੱਚ ਆਪਣੇ ਦੂਰ ਦੇ ਰਿਸ਼ਤੇਦਾਰ ਕੋਲ ਰਹਿ ਰਹੀ ਹੈ ਜਿਸ ਨੇ ਉਸ ਨੂੰ ਰਹਿਣ ਲਈ ਥਾਂ ਦਿੱਤਾ।
ਹਰਜੀਤ ਹੁਣ ਇਸ ਦੇਸ਼ ਵਿੱਚ ਇਕੱਲੀ ਰਹਿ ਗਈ ਹੈ ਕਿਉਂਕਿ ਉਸ ਦੇ ਪਤੀ, ਮਾਪਿਆਂ ਅਤੇ ਵੱਡੇ ਭਰਾ ਦੀ ਮੌਤ ਹੋ ਚੁੱਕੀ ਹੈ। ਹਰਜੀਤ ਦਾ ਕੇਵਲ ਇੱਕ ਛੋਟਾ ਭਰਾ ਪੱਟੀ ਵਿਚ ਰਹਿੰਦਾ ਹੈ। ਹਰਜੀਤ ਨੂੰ ਇਸ ਵੇਲੇ ਨਹੀਂ ਪਤਾ ਕਿ ਉਹ ਇੱਥੇ ਕਿੰਨਾ ਸਮਾਂ ਹੋਰ ਰਹੇਗੀ।