latest news World

ਭ੍ਰਿਸ਼ਟਾਚਾਰ ਮਾਮਲਿਆਂ ਵਿੱਚ ਸ਼ੇਖ ਹਸੀਨਾ ਨੂੰ 21 ਸਾਲ ਦੀ ਕੈਦ

ਭ੍ਰਿਸ਼ਟਾਚਾਰ ਮਾਮਲਿਆਂ ਵਿੱਚ ਸ਼ੇਖ ਹਸੀਨਾ ਨੂੰ 21 ਸਾਲ ਦੀ ਕੈਦ
  • PublishedNovember 27, 2025

ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਇੱਕ ਸਰਕਾਰੀ ਹਾਊਸਿੰਗ ਪ੍ਰੋਜੈਕਟ ਵਿੱਚ ਜ਼ਮੀਨਾਂ ਦੀ ਵੰਡ ਵਿੱਚ ਬੇਨਿਯਮੀਆਂ ਨਾਲ ਸਬੰਧਤ ਤਿੰਨ ਭ੍ਰਿਸ਼ਟਾਚਾਰ ਮਾਮਲਿਆਂ ਵਿੱਚ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਢਾਕਾ ਸਪੈਸ਼ਲ ਜੱਜ ਕੋਰਟ-5 ਦੇ ਜੱਜ ਮੁਹੰਮਦ ਅਬਦੁੱਲਾ ਅਲ ਮਾਮੂਨ ਨੇ 78 ਸਾਲਾ ਸਾਬਕਾ ਪ੍ਰਧਾਨ ਮੰਤਰੀ ਨੂੰ ਪੂਰਬਾਂਚਲ ਵਿੱਚ ਰਾਜੁਕ ਨਿਊ ਟਾਊਨ ਪ੍ਰੋਜੈਕਟ ਵਿੱਚ ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ ਵਿੱਚ ਹਰੇਕ ਵਿੱਚ ਸੱਤ-ਸੱਤ ਸਾਲ ਦੀ ਸਜ਼ਾ ਸੁਣਾਈ, ਜੋ ਕੁੱਲ ਮਿਲਾ ਕੇ 21 ਸਾਲ ਬਣਦੀ ਹੈ। ਜੱਜ ਨੇ ਕਿਹਾ ਕਿ ਹਸੀਨਾ ਨੂੰ ਇਹ ਸਜ਼ਾਵਾਂ ਲਗਾਤਾਰ (consecutively) ਭੁਗਤਣੀਆਂ ਪੈਣਗੀਆਂ।

ਜੱਜ ਮਾਮੂਨ ਨੇ ਹਸੀਨਾ ‘ਤੇ ਹਰੇਕ ਮਾਮਲੇ ਵਿੱਚ ਇੱਕ-ਇੱਕ ਲੱਖ ਟਕਾ ਦਾ ਜੁਰਮਾਨਾ ਵੀ ਲਗਾਇਆ ਹੈ, ਜਾਂ ਜੇਕਰ ਉਹ ਰਕਮ ਜਮ੍ਹਾਂ ਕਰਾਉਣ ਵਿੱਚ ਅਸਫਲ ਰਹਿੰਦੀ ਹੈ ਤਾਂ 18 ਮਹੀਨੇ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ।

ਜੱਜ ਮਾਮੂਨ ਨੇ ਰਾਜਧਾਨੀ ਦੇ ਨੇੜੇ ਹਾਊਸਿੰਗ ਪ੍ਰੋਜੈਕਟ ਵਿੱਚ ਦਰਜ ਮਾਮਲਿਆਂ ਵਿੱਚ ਹਸੀਨਾ ਦੇ ਪੁੱਤਰ ਸਾਜਿਬ ਵਾਜੇਦ ਜੌਏ ਅਤੇ ਬੇਟੀ ਸਾਇਮਾ ਵਾਜੇਦ ਪੁਤੁਲ ਨੂੰ ਵੀ ਪੰਜ-ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜੌਏ ਅਤੇ ਪੁਤੁਲ ਨੂੰ ਹਰੇਕ ਨੂੰ ਇੱਕ-ਇੱਕ ਲੱਖ ਟਕਾ ਦਾ ਜੁਰਮਾਨਾ ਕੀਤਾ ਗਿਆ, ਜਾਂ ਜੁਰਮਾਨਾ ਅਦਾ ਨਾ ਕਰਨ ‘ਤੇ ਇੱਕ ਮਹੀਨਾ ਹੋਰ ਜੇਲ੍ਹ ਕੱਟਣੀ ਪਵੇਗੀ।