ਭਾਰਤ-ਪਾਕਿਸਤਾਨ ਜੰਗ ਦੌਰਾਨ ‘ਸੱਤ ਬਿਲਕੁਲ ਨਵੇਂ’ ਜਹਾਜ਼ਾਂ ਨੂੰ ਡੇਗਿਆ ਗਿਆ ਸੀ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ-ਪਾਕਿ ਜੰਗ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸੰਘਰਸ਼ ਦੌਰਾਨ ‘ਸੱਤ ਬਿਲਕੁਲ ਨਵੇਂ’ ਜਹਾਜ਼ਾਂ ਨੂੰ ਡੇਗਿਆ ਗਿਆ ਸੀ, ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਦੇਸ਼ ਨਾਲ ਸਬੰਧਤ ਸਨ।
ਮੰਗਲਵਾਰ ਨੂੰ ਟੋਕੀਓ ਵਿੱਚ ਕਾਰੋਬਾਰੀ ਆਗੂਆਂ ਨਾਲ ਇੱਕ ਰਿਸੈਪਸ਼ਨ ਅਤੇ ਡਿਨਰ ਦੌਰਾਨ ਬੋਲਦਿਆਂ, ਟਰੰਪ ਨੇ ਕਿਹਾ, ‘‘ਸੱਤ ਜਹਾਜ਼ ਡੇਗੇ ਗਏ ਸਨ, ਸੱਤੇ ਬਿਲਕੁਲ ਨਵੇਂ, ਸੁੰਦਰ ਜਹਾਜ਼ ਡੇਗੇ ਗਏ ਸਨ, ਅਤੇ ਉਹ ਲੜਾਈ ਕਰ ਰਹੇ ਸਨ… ਦੋ ਵੱਡੀਆਂ ਪ੍ਰਮਾਣੂ ਸ਼ਕਤੀਆਂ।’’
ਅਮਰੀਕੀ ਰਾਸ਼ਟਰਪਤੀ ਨੇ ਦੁਹਰਾਇਆ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਨੂੰ ਹੱਲ ਕਰਨ ਲਈ ਵਪਾਰ ਦੀ ਵਰਤੋਂ ਕੀਤੀ। ਟਰੰਪ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੇ ਦਲੀਲ ਦਿੱਤੀ ਕਿ ਜੰਗ ਦਾ ਅਮਰੀਕਾ ਨਾਲ ਵਪਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।