latest news Punjab

ਪੰਜਾਬ ਵਿੱਚ ਹੜ੍ਹਾਂ ਦੇ ਚੱਲਦਿਆਂ ਸਰਕਾਰ ਨੇ ਤਾਜ਼ਾ ਅੰਕੜੇ ਕੀਤੇ ਜਾਰੀ

ਪੰਜਾਬ ਵਿੱਚ ਹੜ੍ਹਾਂ ਦੇ ਚੱਲਦਿਆਂ ਸਰਕਾਰ ਨੇ ਤਾਜ਼ਾ ਅੰਕੜੇ ਕੀਤੇ ਜਾਰੀ
  • PublishedSeptember 9, 2025

ਪੰਜਾਬ ਵਿੱਚ ਹੜ੍ਹਾਂ ਦੇ ਚੱਲਦਿਆਂ ਬੀਤੀ ਸ਼ਾਮ ਸਰਕਾਰ ਨੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਹੜ੍ਹਾਂ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਜਿਥੇ ਹੋਰ ਆਬਾਦੀ ਪ੍ਰਭਾਵਿਤ ਹੋਈ ਹੈ, ਉਥੇ ਫ਼ਸਲਾਂ ਦੇ ਨੁਕਸਾਨ ਵਿੱਚ ਵੀ ਵਾਧਾ ਹੋਇਆ ਹੈ। ਰਿਪੋਰਟਾਂ ਅਨੁਸਾਰ 15 ਜ਼ਿਲ੍ਹਿਆਂ ਵਿੱਚ ਹੁਣ ਤੱਕ 3.87 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ ਮਾਨਸਾ, ਮੋਗਾ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ 3 ਹੋਰ ਮੌਤਾਂ ਦਰਜ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 51 ਹੋ ਗਈ ਹੈ। ਫ਼ਸਲਾਂ ਅਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਇਸ ਵਿੱਚ ਦੱਸਿਆ ਕਿ ਹੁਣ ਤੱਕ 1,84,938.05 ਹੈਕਟੇਅਰ ਤੋਂ ਵੱਧ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਘਰਾਂ ਅਤੇ ਪਸ਼ੂਧਨ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਜਾਰੀ ਹੈ ਅਤੇ ਹੜ੍ਹਾਂ ਦਾ ਪਾਣੀ ਘੱਟਣ ਤੋਂ ਬਾਅਦ ਹੀ ਇਸ ਬਾਰੇ ਪੂਰੀ ਜਾਣਕਾਰੀ ਉਪਲੱਬਧ ਹੋ ਸਕੇਗੀ। ਹਰਦੀਪ ਸਿੰਘ ਮੁੰਡੀਆਂ ਮੁਤਾਕਬ ਹੁਣ ਤੱਕ ਕੁੱਲ 23015 ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ 123 ਰਾਹਤ ਕੈਂਪ ਜਾਰੀ ਹਨ, ਜਿਨ੍ਹਾਂ ਵਿੱਚ 5,416 ਵਿਅਕਤੀ ਬਸੇਰਾ ਕਰ ਰਹੇ ਹਨ ਅਤੇ ਬਹੁਤ ਸਾਰੇ ਪ੍ਰਭਾਵਿਤ ਪਰਿਵਾਰਾਂ ਦੇ ਮੁੜ-ਵਸੇਬੇ ਨੂੰ ਯਕੀਨੀ ਬਣਾਇਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਫ਼ੌਜ ਦੇ ਲਗਭਗ 30 ਹੈਲੀਕਾਪਟਰ ਜੁਟੇ ਹੋਏ ਹਨ, ਜਦੋਂ ਕਿ ਬੀ.ਐਸ.ਐਫ., ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਜ਼ਮੀਨੀ ਪੱਧਰ ’ਤੇ ਸਹਾਇਤਾ ਕਰ ਰਹੀਆਂ ਹਨ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ, ਦਵਾਈਆਂ ਅਤੇ ਜ਼ਰੂਰੀ ਸਾਮਾਨ ਸਮੇਤ ਰਾਹਤ ਸਮੱਗਰੀ 24 ਘੰਟੇ ਭੇਜੀ ਜਾ ਰਹੀ ਹੈ.