ਨਿੱਝਰ ਕਤਲ ਕੇਸ: ਕੈਨੇਡਾ ਨਿਆਂ ਵਿਭਾਗ ਨੇ ਕੌਮੀ ਸੁਰੱਖਿਆ ਨਾਲ ਜੁੜੇ ਸੰਵੇਦਨਸ਼ੀਲ ਸਬੂਤਾਂ ਨੂੰ ਗੁਪਤ ਰੱਖਣ ਦੀ ਇਜਾਜ਼ਤ ਮੰਗੀ
ਭਾਰਤੀ ਏਜੰਟਾਂ ’ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਾਉਣ ਤੋਂ ਬਾਅਦ, ਕੈਨੇਡਾ ਦਾ ਨਿਆਂ ਵਿਭਾਗ ਹੁਣ ਉਸ ਦੇ ਮੁਕੱਦਮੇ ਵਿੱਚ ਕੌਮੀ ਸੁਰੱਖਿਆ ਨਾਲ ਜੁੜੇ ਕੁਝ ਸੰਵੇਦਨਸ਼ੀਲ ਸਬੂਤਾਂ ਨੂੰ ਰੋਕਣ(ਦੱਬਣ) ਦੀ ਕੋਸ਼ਿਸ਼ ਕਰ ਰਿਹਾ ਹੈ। ਸਤੰਬਰ 2023 ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਹਿਲੀ ਵਾਰ ਜਨਤਕ ਤੌਰ ‘ਤੇ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਾਏ ਜਾਣ ਤੋਂ ਬਾਅਦ ਇਹ ਮਾਮਲਾ ਭਾਰਤ-ਕੈਨੇਡਾ ਸਬੰਧਾਂ ਵਿੱਚ ਇੱਕ ਵੱਡੀ ਰੁਕਾਵਟ ਬਣਿਆ ਹੋਇਆ ਹੈ।
ਗਲੋਬਲ ਨਿਊਜ਼ ਅਨੁਸਾਰ, ਕੈਨੇਡਾ ਦੇ ਅਟਾਰਨੀ ਜਨਰਲ ਦੀ ਨੁਮਾਇੰਦਗੀ ਕਰਨ ਵਾਲੇ ਸੰਘੀ ਵਕੀਲਾਂ ਨੇ ਫੈਡਰਲ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਕੁਝ ਖਾਸ ਸਬੂਤਾਂ ਨੂੰ ਦਬਾਉਣ ਦੀ ਇਜਾਜ਼ਤ ਮੰਗੀ ਹੈ, ਅਤੇ ਦਲੀਲ ਦਿੱਤੀ ਕਿ ਇਸਦਾ ਖੁਲਾਸਾ ‘ਅੰਤਰਰਾਸ਼ਟਰੀ ਸਬੰਧਾਂ ਅਤੇ ਕੌਮੀ ਸੁਰੱਖਿਆ ਲਈ ਨੁਕਸਾਨਦੇਹ’ ਹੋਵੇਗਾ।
ਇਹ ਅਰਜ਼ੀ ਕੈਨੇਡਾ ਐਵੀਡੈਂਸ ਐਕਟ ਦੀ ਧਾਰਾ 38 ਦੇ ਤਹਿਤ ਦਾਇਰ ਕੀਤੀ ਗਈ ਸੀ। ਗਲੋਬਲ ਨਿਊਜ਼ ਨੇ ਅੱਗੇ ਦੱਸਿਆ ਕਿ ਫੈਡਰਲ ਕੋਰਟ ਵਿੱਚ ਦਾਇਰ ਅਰਜ਼ੀ ਦੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸੰਘੀ ਅਟਾਰਨੀ ਜਨਰਲ ਨੂੰ 2024 ਅਤੇ 2025 ਦੇ ਦੌਰਾਨ ਚਾਰ ਨੋਟਿਸ ਪ੍ਰਾਪਤ ਹੋਏ ਸਨ ਜਿਨ੍ਹਾਂ ਵਿੱਚ ਕੇਸ ਵਿੱਚ ਸੰਵੇਦਨਸ਼ੀਲ ਜਾਂ ਸੰਭਾਵੀ ਤੌਰ ‘ਤੇ ਨੁਕਸਾਨਦੇਹ ਜਾਣਕਾਰੀ ਬਾਰੇ ਦੱਸਿਆ ਗਿਆ ਸੀ।