ਜਬਰ-ਜਨਾਹ ਮਾਮਲਾ: ਜਗਰਾਉਂ ਦੇ ਡੇਰਾ ਚਰਨ ਘਾਟ ਠਾਠ ਮੁਖੀ ਨੂੰ 10 ਸਾਲ ਕੈਦ
ਅਦਾਲਤ ਨੇ ਜਗਰਾਉਂ ਦੇ ਡੇਰਾ ਚਰਨ ਘਾਟ ਠਾਠ ਮੁਖੀ ਬਲਜਿੰਦਰ ਸਿੰਘ ਨੂੰ ਜਬਰ-ਜਨਾਹ ਅਤੇ ਧਮਕਾਉਣ ਦਾ ਦੋਸ਼ੀ ਕਰਾਰ ਦਿੰਦੇ 10 ਸਾਲ ਕੈਦ ਤੇ 55 ਹਜ਼ਾਰ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ।
ਜਾਣਕਾਰੀ ਮੁਤਾਬਕ ਬਲਜਿੰਦਰ ਸਿੰਘ ਮੂਲ ਰੂਪ ਵਿਚ ਪਿੰਡ ਮਾਨਪੁਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ ਅਤੇ ਜਗਰਾਉਂ ਦੇ ਅਖਾੜਾ ਨਹਿਰ ਕਿਨਾਰੇ ਡੇਰਾ ਚਰਨ ਘਾਟ ਠਾਠ ਦਾ ਮੁਖੀ ਸੀ। ਇਥੇ ਥਾਣਾ ਮਹਿਣਾ ਪੁਲੀਸ ਨੇ ਬਲਜਿੰਦਰ ਸਿੰਘ ਖ਼ਿਲਾਫ 18 ਸਤੰਬਰ 2024 ਨੂੰ ਜਬਰ ਜਨਾਹ ਦੀ ਧਾਰਾ 376 ਆਈ ਪੀ ਸੀ ਅਤੇ ਧਮਕਾਉਣ ਦੀ ਧਾਰਾ 506 ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਸੀ। ਪੀੜਤ ਮੁਟਿਆਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਆਖਿਆ ਸੀ ਕਿ ਉਸ ਦਾ ਭਰਾ ਡੇਰੇ ਵਿੱਚ ਸੇਵਾ ਕਰਦਾ ਸੀ ਅਤੇ ਉਹ ਘਰ ਵਿੱਚ ਕਲੇਸ਼ ਕਰਨ ਲੱਗ ਪਿਆ। ਡੇਰੇ ਪ੍ਰਤੀ ਪਰਿਵਾਰ ਦੀ ਸ਼ਰਧਾ ਤੇ ਭਰੋਸਾ ਹੋਣ ਕਾਰਨ ਉਨ੍ਹਾਂ ਇਹ ਮਾਮਲਾ ਬਲਜਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ। ਇਸ ਸਬੰਧੀ ਬਲਜਿੰਦਰ ਸਿੰਘ ਨੇ ਪੀੜਤ ਪਰਿਵਾਰ ਨੂੰ 6 ਮਈ ਨੂੰ ਡਰੋਲੀ ਭਾਈ ਵਿਖੇ ਇੱਕ ਇਤਿਹਾਸਕ ਗੁਰਦੁਆਰੇ ’ਚ ਅਰਦਾਸ ਕਰਨ ਲਈ ਕਿਹਾ। ਇਸ ਦੌਰਾਨ ਬਾਬਾ ਫਾਰਚੂਨਰ ਗੱਡੀ ਵਿੱਚ ਲੜਕੀ ਨੂੰ ਸਥਾਨਕ ਬੁੱਘੀਪੁਰਾ ਚੌਕ ਸਥਿਤ ਇੱਕ ਹੋਟਲ ’ਚ ਲੈ ਗਿਆ ਅਤੇ ਲੜਕੀ ਨਾਲ ਜਬਰ ਜਨਾਹ ਕੀਤਾ ਅਤੇ ਧਮਕੀ ਦਿੱਤੀ ਕਿ ਜੇ ਕਿਸੇ ਕੋਲ ਮੂੰਹ ਖੋਲ੍ਹਿਆ ਤਾਂ ਅਸ਼ਲੀਲ ਸਮੱਗਰੀ ਵਾਇਰਲ ਕਰ ਦਿੱਤੀ ਜਾਵੇਗੀ। ਇਸ ਸ਼ਿਕਾਇਤ ਦੀ ਜਾਂਚ ਦੌਰਾਨ ਹੋਟਲ ’ਚੋਂ ਬਾਬਾ ਅਤੇ ਲੜਕੀ ਦੇ ਠਹਿਰਨ ਦੇ ਸਬੂਤ ਮਿਲੇ ਸਨ।