ਇਰਾਨ ਵਿੱਚ ਪ੍ਰਦਰਸ਼ਨਾਂ ’ਚ ਹੁਣ ਤੱਕ ਦੋ ਹਜ਼ਾਰ ਮੌਤਾਂ
ਇਰਾਨ ਵਿੱਚ ਚੱਲ ਰਹੇ ਦੇਸ਼ ਪੱਧਰੀ ਰੋਸ ਮੁਜ਼ਾਹਰਿਆਂ ’ਚ ਮਰਨ ਵਾਲਿਆਂ ਦੀ ਗਿਣਤੀ ਅੱਜ ਤੇਜ਼ੀ ਨਾਲ ਵਧ ਕੇ ਘੱਟੋ-ਘੱਟ 2 ਹਜ਼ਾਰ ਤੱਕ ਪਹੁੰਚ ਗਈ ਹੈ। ਅਮਰੀਕਾ ਸਥਿਤ ‘ਹਿਊਮਨ ਰਾਈਟਸ ਐਕਟੀਵਿਸਟਜ਼ ਨਿਊਜ਼ ਏਜੰਸੀ’ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਸੰਸਥਾ ਇਰਾਨ ਵਿੱਚ ਮੌਜੂਦ ਆਪਣੇ ਸਮਰਥਕਾਂ ਵੱਲੋਂ ਮੁਹੱਈਆ ਕੀਤੀ ਜਾਣਕਾਰੀ ’ਤੇ ਨਿਰਭਰ ਕਰਦੀ ਹੈ। ਇਸੇ ਦੌਰਾਨ ਇਰਾਨ ਦੇ ਸਰਕਾਰੀ ਟੀਵੀ ਨੇ ਵੱਡੀ ਗਿਣਤੀ ’ਚ ਹੋਈਆਂ ਮੌਤਾਂ ਦੀ ਪਹਿਲੀ ਵਾਰ ਅਧਿਕਾਰਤ ਪੁਸ਼ਟੀ ਕਰਦਿਆਂ ਕਿਹਾ ਕਿ ਦੇਸ਼ ’ਚ ‘ਕਈ ਸ਼ਹੀਦ’ ਹੋਏ ਹਨ। ਰਿਪੋਰਟ ’ਚ ਸ਼ਹੀਦ ਫਾਊਂਡੇਸ਼ਨ ਦੇ ਮੁਖੀ ਅਹਿਮਦ ਮੂਸਾਵੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ।
ਸੰਸਥਾ ਨੇ ਦੱਸਿਆ ਕਿ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਵਿੱਚ ਮਾਰੇ ਗਏ ਲੋਕਾਂ ਵਿੱਚੋਂ 1,847 ਪ੍ਰਦਰਸ਼ਨਕਾਰੀ ਸਨ ਅਤੇ 135 ਸਰਕਾਰੀ ਵਿਅਕਤੀ ਸਨ। ਇਸ ਤੋਂ ਇਲਾਵਾ ਨੌਂ ਬੱਚੇ ਵੀ ਮਾਰੇ ਗਏ ਹਨ ਅਤੇ ਨੌਂ ਅਜਿਹੇ ਆਮ ਨਾਗਰਿਕ ਵੀ ਮਾਰੇ ਗਏ ਹਨ ਜੋ ਪ੍ਰਦਰਸ਼ਨਾਂ ਵਿੱਚ ਹਿੱਸਾ ਨਹੀਂ ਲੈ ਰਹੇ ਸਨ। ਇਰਾਨ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਵਿਦੇਸ਼ਾਂ ਤੋਂ ਇਨ੍ਹਾਂ ਪ੍ਰਦਰਸ਼ਨਾਂ ਦਾ ਅੰਦਾਜ਼ਾ ਲਗਾਉਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਐਸੋਸੀਏਟਿਡ ਪ੍ਰੈੱਸ (ਏਪੀ) ਸੁਤੰਤਰ ਤੌਰ ’ਤੇ ਮੌਤਾਂ ਦੇ ਅੰਕੜਿਆਂ ਦੀ ਪੁਸ਼ਟੀ ਕਰਨ ਵਿੱਚ ਅਸਮਰੱਥ ਹੈ। ਇਰਾਨ ਦੀ ਸਰਕਾਰ ਨੇ ਅਜੇ ਤੱਕ ਮੌਤਾਂ ਦੇ ਕੁੱਲ ਅੰਕੜੇ ਜਾਰੀ ਨਹੀਂ ਕੀਤੇ ਹਨ।
ਇਸੇ ਦੌਰਾਨ ਰੋਸ ਮੁਜ਼ਾਹਰਿਆਂ ਦੇ ਮੱਦੇਨਜ਼ਰ ਇਰਾਨ ’ਚ ਇੰਟਰਨੈੱਟ ਤੇ ਕੌਮਾਂਤਰੀ ਫੋਨ ਕਾਲ ਸੇਵਾ ਬੰਦ ਕਰ ਦਿੱਤੀ ਗਈ ਸੀ ਪਰ ਅੱਜ ਦੇਸ਼ ਦੇ ਲੋਕ ਮੋਬਾਈਨ ਫੋਨ ਰਾਹੀਂ ਵਿਦੇਸ਼ਾਂ ’ਚ ਕੁਝ ਫੋਨ ਕਾਲ ਕਰ ਸਕੇ ਹਨ। ਤਹਿਰਾਨ ’ਚ ਕਈ ਲੋਕ ‘ਏਪੀ’ ਨੂੰ ਫੋਨ ਕਰ ਕੇ ਉੱਥੋਂ ਦੇ ਇੱਕ ਪੱਤਰਕਾਰ ਨਾਲ ਗੱਲ ਕਰਨ ’ਚ ਕਾਮਯਾਬ ਰਹੇ ਪਰ ਦੁਬਈ ਸਥਿਤ ‘ਏਪੀ ਬਿਊਰੋ’ ਉਨ੍ਹਾਂ ਨੰਬਰਾਂ ’ਤੇ ਵਾਪਸ ਫੋਨ ਨਹੀਂ ਕਰ ਸਕਿਆ। ਵਿਰੋਧ ਪ੍ਰਦਰਸ਼ਨ ਤੇਜ਼ ਹੋਣ ਮਗਰੋਂ ਲੰਘੇ ਵੀਰਵਾਰ ਇਰਾਨ ’ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਟੈਕਸਟ ਮੈਸੇਜਿੰਗ ਸੇਵਾ ਅਜੇ ਵੀ ਬੰਦ ਹੈ ਅਤੇ ਇਰਾਨ ਵਿੱਚ ਇੰਟਰਨੈੱਟ ਵਰਤੋਂਕਾਰ ਸਿਰਫ ਸਥਾਨਕ ਪੱਧਰ ’ਤੇ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਵੈੱਬਸਾਈਟਾਂ ਹੀ ਖੋਲ੍ਹ ਸਕਦੇ ਸਨ, ਪਰ ਵਿਦੇਸ਼ੀ ਵੈੱਬਸਾਈਟਾਂ ਤੱਕ ਕੋਈ ਪਹੁੰਚ ਨਹੀਂ ਹੈ। ਲੋਕਾਂ ਅਨੁਸਾਰ ਦੰਗਾ ਰੋਕੂ ਪੁਲੀਸ ਦੇ ਅਧਿਕਾਰੀ ਹੈਲਮੇਟ ਅਤੇ ਸੁਰੱਖਿਆ ਕਵਚ ਪਹਿਨੇ ਹੋਏ ਹਨ ਅਤੇ ਉਨ੍ਹਾਂ ਕੋਲ ਡੰਡੇ, ਸ਼ੀਲਡਾਂ, ਸ਼ਾਟਗਨ ਤੇ ਅੱਥਰੂ ਗੈਸ ਲਾਂਚਰ ਹਨ।